ਡਾਲਰਾਂ ਦੀ ਚਮਕ ਨੇ ਫਿੱਕੀ ਪਾਈ ਵਤਨ ਪ੍ਰਸਤੀ, ਵਿਦੇਸ਼ ਜਾਣ ਦੀ ਹੋੜ ’ਚ ਵਧੀ ਮਨੁੱਖੀ ਸਮੱਗਲਿੰਗ

06/09/2023 2:06:51 PM

ਬੁਢਲਾਡਾ (ਬਾਂਸਲ) : ਦੇਸ਼ ਦੀ ਆਜ਼ਾਦੀ ਅਤੇ ਹਰੀ ਕ੍ਰਾਂਤੀ, ਦੇਸ਼ ਲਈ ਅਨਾਜ ਪੈਦਾ ਕਰਨ ਵਾਲਾ ਪੰਜਾਬ ਲੰਬੇ ਸਮੇਂ ਤੋਂ ਹੀ ਆਪ ਉਜੜ ਕੇ ਦੂਜਿਆਂ ਨੂੰ ਖੁਸ਼ਹਾਲ ਬਣਾਉਣ ’ਚ ਮੋਹਰੀ ਰਿਹਾ ਹੈ। ਕਦੇ ਮੁਗਲ ਹਕੂਮਤ ਤੇ ਅੰਗਰੇਜ਼ ਹਕੂਮਤ ਨਾਲ ਲੜ ਕੇ ਦੇਸ਼, ਕੌਮ ਨੂੰ ਬਚਾਉਂਦਾ ਤਬਾਹੀ ਦੇ ਕੰਢੇ ਲੈ ਕੇ ਜਾਣ ਵਾਲਾ ਕੋਈ ਹੋਰ ਨਹੀਂ, ਇਸ ਲਈ ਸਾਡੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਹੀ ਨਹੀਂ, ਅਸੀਂ ਖ਼ੁਦ ਵੀ ਗੁਨਾਹਗਾਰ ਹਾਂ। ਅਸੀਂ ਪੰਜਾਬ ਨੂੰ ਇਸ ਮੋੜ ’ਤੇ ਲਿਆ ਖੜ੍ਹਾ ਕਰ ਦਿੱਤਾ, ਜਿੱਥੇ ਰਸਤਾ ਸਿਰਫ਼ ਤੇ ਸਿਰਫ਼ ਤਬਾਹੀ ਵੱਲ ਜਾਂਦਾ ਹੈ। ਇਹ ਤਬਾਹੀ ਸਰਹੱਦ ਪਾਰੋ ਨਹੀਂ ਆਈ ਸਗੋਂ ਸਾਡੇ ਘਰਾਂ ਤੋਂ ਸ਼ੁਰੂ ਹੋਈ ਤੇ ਹੁਣ ਇਸ ਤਬਾਹੀ ਦੇ ਪਾਤਰ ਅਸੀਂ ਖ਼ੁਦ ਬਣਦੇ ਜਾ ਰਹੇ ਹਾਂ। ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਕਿ ਹਰ ਕੋਈ ਪੰਜਾਬ ਛੱਡ ਕੇ ਵਿਦੇਸ਼ ਜਾਣ ਨੂੰ ਕਾਹਲਾ ਪਿਆ ਹੋਇਆ ਹੈ। ਇਸ ਵਿਦੇਸ਼ ਜਾਣ ਦੀ ਚਾਹਤ ਨੇ ਵਤਨ ਲਈ ਮਰ ਮਿਟਣ ਵਾਲੇ ਪੰਜਾਬ ਦੇ ਲੋਕਾਂ ਦੇ ਮਨਾਂ ’ਚੋਂ ਵਤਨ ਦੇ ਮੋਹ ਕਿਉਂ ਤੋੜ ਕੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ- ਵਿਦੇਸ਼ਾਂ 'ਚ ਪੰਜਾਬੀ ਕੁੜੀਆਂ ਦੇ ਹੋ ਰਹੇ ਸੋਸ਼ਣ ਨੂੰ ਲੈ ਕੇ ਪੰਜਾਬ ਸਰਕਾਰ ਚੁੱਕਣ ਜਾ ਰਹੀ ਵੱਡਾ ਕਦਮ

ਵਿਦੇਸ਼ ਜਾਣ ਦੇ ਸੁਫ਼ਨੇ ਦਿਖਾਉਣ ਵਾਲੇ ਸੈਂਟਰਾਂ ’ਤੇ ਮਨੁੱਖੀ ਸੱਮਗਲਿੰਗ ਨੂੰ ਨੱਥ ਪਾਉਣ ਲਈ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਪੁਲਸ ਰਾਹੀਂ ਰਜਿਸਟਰਡ ਸੈਂਟਰਾਂ ਦੀ ਸੂਚੀ ਤਿਆਰ ਕਰਵਾਈ ਗਈ ਸੀ ਪਰ ਇਸ ਸੂਚੀ ’ਚ ਗਿਣਤੀ ਦੇ ਹੀ ਸੈਂਟਰਾਂ ਦਾ ਹੀ ਨਾਂ ਦੇਖਣ ਨੂੰ ਮਿਲੇ ਜਦਕਿ ਅੱਜ ਬੁਢਲਾਡਾ ’ਚ ਹਰ ਗਲੀ-ਮੁਹੱਲੇ ਦੇ ਨੁੱਕੜ ’ਤੇ ਲਗਭਗ 100 ਦੇ ਕਰੀਬ ਸੈਂਟਰਾਂ ’ਚ ਹਜ਼ਾਰਾਂ ਨੌਜਵਾਨ ਵਿਦੇਸ਼ ਜਾਣ ਲਈ ਜਿੱਥੇ ਕੋਚਿੰਗ ਲੈ ਰਹੇ ਹਨ ,ਉਥੇ ਵੱਖ-ਵੱਖ ਏਜੰਟਾਂ ਰਾਹੀਂ ਕਰਜ਼ਾ ਤਕ ਚੁੱਕ ਕੇ ਵਿਦੇਸ਼ ਜਾਣ ਲਈ ਉਤਾਵਲੇ ਨਜ਼ਰ ਆ ਰਹੇ ਹਨ। ਜੇਕਰ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਈ ਮਾਮਲੇ ਮਨੁੱਖੀ ਸਮੱਗਲਿੰਗ ਦੇ ਮਾਮਲੇ ਸਾਹਮਣੇ ਆ ਸਕਦੇ ਹਨ ਕਿ ਕਿਸ ਤਰ੍ਹਾਂ ਏਜੰਟ ਨੌਜਵਾਨ ਦੀ ਲੁੱਟ ਕਰ ਰਹੇ ਹਨ।

ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਸਰਕਾਰੀ ਨੌਕਰੀਆਂ ਦੇ ਲਾਏ ਲਾਰੇ

ਸਰਕਾਰ ਨੇ ਪੰਜਾਬ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਥਾਂ ਸਰਕਾਰੀ ਨੌਕਰੀਆਂ ਦੇ ਲਾਰੇ ਲਾਏ। ਇਸ ਕਰ ਕੇ ਪੰਜਾਬ ਦਾ ਪੜਿਆ-ਲਿਖਿਆ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਗਿਆ। ਸਰਕਾਰਾਂ ਦੀ ਇਸ ਕਮਜ਼ੋਰੀ ਕਾਰਨ ਆਈ ਹਨੇਰੀ ਨੇ ਤਬਾਹੀ ਦਾ ਰੂਪ ਧਾਰ ਲਿਆ। ਅੱਜ ਇਸ ਹਨੇਰੀ ਦੀ ਲਪੇਟ ’ਚ ਪੰਜਾਬ ਦਾ ਹਰ ਪਿੰਡ ਆ ਗਿਆ ਹੈ। ਅੱਜ ਹਾਲਾਤ ਇਹ ਹੋ ਗਏ ਹਨ ਕਿ ਹਰ ਦੂਜਾ ਨੌਜਵਾਨ ਵਿਦੇਸ਼ ਜਾ ਰਿਹਾ ਹੈ ਜਾਂ ਫਿਰ ਨਸ਼ੇ ਦੀ ਲਪੇਟ ’ਚ ਆ ਕੇ ਆਪਣੀ ਜਾਨ ਗੁਆ ਰਿਹਾ ਹੈ। ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਦੇਸ਼ ਨੂੰ ਕਮਜ਼ੋਰ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਪਰ ਪੰਜਾਬ ਇਸ ਕਾਲੀ ਹਨੇਰੀ ਅੱਗੇ ਬੇਵੱਸ ਨਜ਼ਰ ਆ ਰਿਹਾ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਇਸ ਕਾਲੀ ਹਨੇਰੀ ਤੋਂ ਬਾਹਰ ਆਵੇਗਾ ਜਾਂ ਨਹੀ।

ਇਹ ਵੀ ਪੜ੍ਹੋ- ਜ਼ਿਮਨੀ ਚੋਣ 'ਚ ਮਿਲੀ ਹਾਰ ਮਗਰੋਂ BJP ਨੇ ਉਲੀਕੀ ਵੱਡੀ ਰਣਨੀਤੀ, ਪੰਜਾਬ 'ਚ ਦੋ ਵਿਸ਼ਾਲ ਰੈਲੀਆਂ ਕਰਨਗੇ ‘ਸ਼ਾਹ’

ਵਤਨ ਪ੍ਰਤੀ ਪਿਆਰ ਨੂੰ ਡਾਲਰਾਂ ਦੀ ਚਮਕ ਨੇ ਘਟਾਇਆ

ਡਾਲਰਾਂ ਦੀ ਚਮਕ ਨੂੰ ਪੰਜਾਬੀਆਂ ਦੇ ਮਨਾਂ ’ਚੋਂ ਵਿਸਾਰ ਕੇ ਵਿਦੇਸ਼ਾਂ ਵੱਲ ਰੁਖ ਕਰ ਲਿਆ ਹੈ। ਅੱਜ ਪੰਜਾਬ ਦੇ ਉਜਾੜੇ ਵੱਲ ਵਧਦੇ ਕਦਮਾਂ ਨੂੰ ਦੇਖ ਕੇ ਹਰ ਪੰਜਾਬੀ ਦਾ ਮਨ ਪ੍ਰੇਸ਼ਾਨ ਹੋ ਜਾਂਦਾ ਹੈ ਕਿਉਂਕਿ ਇਹ ਉਜਾੜਾ ਅੱਜ ਦਾ ਸ਼ੁਰੂ ਨਹੀਂ ਹੋਇਆ। ਜਦੋਂ ਪੰਜਾਬ ’ਚ ਝੋਨੇ ਦੀ ਫ਼ਸਲ ਦੀ ਬਿਜਾਈ ਸ਼ੁਰੂ ਹੋਈ, ਉਸ ਦਿਨ ਤੋਂ ਪੰਜਾਬ ਦੇ ਅਨਮੋਲ ਖਜ਼ਾਨੇ ਪਾਣੀ ਦਾ ਉਜਾੜਾ ਸ਼ੁਰੂ ਹੋ ਗਿਆ, ਜਿਸ ਨੂੰ ਰੋਕਣ ਲਈ ਪੰਜਾਬ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਨੇ ਫ਼ਸਲੀ ਵਿਭਿੰਨਤਾ ਲਿਆਉਣ ਵਾਸਤੇ ਹੋਕਾ ਲਾਇਆ ਪਰ ਸਾਡੇ ਲੋਕ ਸਿਰਫ਼ ਆਪਣੇ ਸਵਾਰਥ ਲਈ ਰੋਕਣ ਲਈ ਤਿਆਰ ਨਹੀਂ ਹੋਏ। ਪੰਜਾਬ ’ਚ ਪਹਿਲਾਂ ਪਹਿਲ ਮਾਝਾ-ਦੋਆਬਾ ਦੇ ਇਲਾਕੇ ਦੇ ਲੋਕਾਂ ਨੇ ਰੋਜ਼ਗਾਰ ਦੀ ਭਾਲ ’ਚ ਵਿਦੇਸ਼ਾਂ ਦਾ ਰੁਖ ਕੀਤਾ ਤੇ ਹੁਣ ਮਾਲਵੇ ਦੇ ਨੌਜਵਾਨਾਂ ਨੇ ਵਿਦੇਸ਼ਾਂ ਦੀ ਧਰਤੀ ਦੇ ਚਾਹਵਾਨ ਹੋ ਗਏ ਹਨ। ਇਥੋਂ ਤਕ ਤਾਂ ਠੀਕ ਸੀ ਪਰ ਹੁਣ ਵਿਦੇਸ਼ ਜਾਣ ਦੀ ਚੱਲੀ ਹਨੇਰੀ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਕੇ ਖੜ੍ਹਾ ਕਰ ਦਿੱਤਾ।

ਸ਼ਾਇਦ ਅਸੀਂ ਆਪਣੇ ਸ਼ਹੀਦਾਂ ਨੂੰ ਭੁੱਲ ਗਏ ਹਾਂ

ਸਾਨੂੰ ਸਾਰਿਆਂ ਨੂੰ ਆਪਣੇ ਮਨਾਂ ’ਚ ਝਾਤ ਮਾਰਨੀ ਚਾਹੀਦੀ ਹੈ ਕਿ ਸ਼ਾਇਦ ਅਸੀਂ ਆਪਣੇ ਸ਼ਹੀਦਾਂ ਨੂੰ ਭੁੱਲ ਗਏ ਹਾਂ, ਜਿਨ੍ਹਾਂ ਨੇ ਆਪਣੇ ਵਤਨ ਦੀ ਖੁਸ਼ਹਾਲੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਪਰ ਆਪਣੇ ਵਤਨ ਦੇ ਸ਼ਹੀਦ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਨੇ ਆਪਣੇ ਵਤਨ ਲਈ ਫਾਂਸੀ ਦਾ ਰੱਸਾ ਚੁੰਮਣ ਦਾ ਸੰਦੇਸ਼ ਦਿੱਤਾ ਸੀ ਪਰ ਹੁਣ ਦੇ ਪੰਜਾਬ ਅੰਦਰ ਝਾਤੀ ਮਾਰਨ ਦੀ ਲੋੜ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News