ਮੁੱਖ ਮੰਤਰੀ ਨੇ ਇਤਿਹਾਸਕਾਰ ਨੂੰ ਇਤਿਹਾਸ ਦੀਆਂ ਪਾਠ-ਪੁਸਤਕਾਂ ਨੂੰ ਅਪਡੇਟ ਕਰਨ ਲਈ ਕਿਹਾ

Sunday, Jun 17, 2018 - 07:57 AM (IST)

ਮੁੱਖ ਮੰਤਰੀ ਨੇ ਇਤਿਹਾਸਕਾਰ ਨੂੰ ਇਤਿਹਾਸ ਦੀਆਂ ਪਾਠ-ਪੁਸਤਕਾਂ ਨੂੰ ਅਪਡੇਟ ਕਰਨ ਲਈ ਕਿਹਾ

ਜਲੰਧਰ (ਧਵਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਇਤਿਹਾਸਕਾਰ ਪ੍ਰੋ. ਡਾ. ਕਿਰਪਾਲ ਸਿੰਘ ਨਾਲ ਅੱਜ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਡਾ. ਕਿਰਪਾਲ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਪੰਜਾਬ ਵਿਚ ਸਕੂਲੀ ਬੱਚਿਆਂ ਲਈ ਇਤਿਹਾਸ ਦੀਆਂ ਪਾਠ-ਪੁਸਤਕਾਂ ਨੂੰ ਅਪਡੇਟ ਕਰਨ 'ਚ ਸਹਿਯੋਗ ਦੇਣ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਸੂਬੇ ਦੇ ਸਿੱਖ ਗੁਰੂਆਂ, ਮਹਾਪੁਰਸ਼ਾਂ ਨਾਲ ਸੰਬੰਧਿਤ ਅਸਲੀ ਇਤਿਹਾਸ ਸਕੂਲੀ ਬੱਚਿਆਂ ਨੂੰ ਪੜ੍ਹਨ ਨੂੰ ਮਿਲਣਾ ਚਾਹੀਦਾ ਹੈ।  ਸਰਕਾਰ ਆਪਣੇ ਵਲੋਂ ਡਾ. ਕਿਰਪਾਲ ਸਿੰਘ ਨੂੰ ਇਸ ਕੰਮ ਲਈ ਪੂਰਾ ਸਹਿਯੋਗ ਦੇਣ ਲਈ ਤਿਆਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬੀ ਬੱਚਿਆਂ ਨੂੰ ਆਪਣੇ ਮਹਾਨ ਇਤਿਹਾਸ ਬਾਰੇ ਅੱਧੀ-ਅਧੂਰੀ ਜਾਣਕਾਰੀ ਮਿਲੇ, ਇਸ ਲਈ ਬੱਚਿਆਂ ਨੂੰ ਸਹੀ ਇਤਿਹਾਸ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ 'ਚ ਡਾ. ਕਿਰਪਾਲ ਸਿੰਘ ਮਹਾਨ ਯੋਗਦਾਨ ਪਾ ਸਕਦੇ ਹਨ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਡਾ. ਕਿਰਪਾਲ ਸਿੰਘ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰਨਗੇ ਅਤੇ ਆਪਣੇ ਲੰਬੇ ਤਜਰਬੇ ਨਾਲ ਪੰਜਾਬ ਦੇ ਸਕੂਲੀ ਬੱਚਿਆਂ ਲਈ ਇਤਿਹਾਸ ਦੀਆਂ ਪਾਠ-ਪੁਸਤਕਾਂ ਨੂੰ ਅਪਡੇਟ ਕਰਨ ਵਿਚ ਯੋਗਦਾਨ ਪਾਉਣਗੇ। ਡਾ. ਕਿਰਪਾਲ ਸਿੰਘ ਨੇ ਮੁੱਖ ਮੰਤਰੀ ਨੂੰ ਯਕੀਨ ਦਿਵਾਇਆ ਕਿ ਉਹ ਇਸ ਕੰਮ ਵਿਚ ਆਪਣੇ ਵਲੋਂ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ।


Related News