ਹਾਵੜਾ ਮੇਲ ਪਹੁੰਚੀ 14 ਘੰਟੇ ਲੇਟ
Tuesday, Oct 24, 2017 - 07:27 AM (IST)

ਜਲੰਧਰ, (ਗੁਲਸ਼ਨ)- ਸੋਮਵਾਰ ਨੂੰ ਸਿਟੀ ਸਟੇਸ਼ਨ 'ਤੇ ਹਾਵੜਾ ਮੇਲ ਸਣੇ ਕਈ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਕਈ ਘੰਟੇ ਲੇਟ ਪਹੁੰਚੀਆਂ। ਟਰੇਨਾਂ ਦੇ ਲੇਟ ਹੋਣ ਨਾਲ ਮੁਸਾਫਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੇਟ ਚਲ ਰਹੀਆਂ ਟਰੇਨਾਂ ਵਿਚ ਜ਼ਿਆਦਾਤਰ ਲੰਮੀ ਦੂਰੀ ਵਾਲੀਆਂ ਟਰੇਨਾਂ ਸ਼ਾਮਲ ਸਨ। ਟਰੇਨਾਂ ਲੇਟ ਹੋਣ ਕਾਰਨ ਜਲੰਧਰ ਤੋਂ ਲੁਧਿਆਣਾ ਅੰਮ੍ਰਿਤਸਰ ਵੱਲ ਜਾਣ ਵਾਲੇ ਮੁਸਾਫਰਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਮੁਸਾਫਰ ਲੰਮੇ ਸਮੇਂ ਲਈ ਸਟੇਸ਼ਨ 'ਤੇ ਟਰੇਨਾਂ ਦੀ ਉਡੀਕ ਕਰਦੇ ਵੇਖੇ ਗਏ। ਅੱਜ ਪੱਛਮੀ ਐਕਸਪ੍ਰੈੱਸ 2 ਘੰਟੇ, ਹਾਵੜਾ ਮੇਲ 16 ਘੰਟੇ, ਜਨਸੇਵਾ ਐਕਸਪ੍ਰੈੱਸ 3.30 ਘੰਟੇ, ਅਕਾਲ ਤਖਤ ਐਕਸਪ੍ਰੈੱਸ 6 ਘੰਟੇ, ਜਨਨਾਇਕ ਐਕਸਪ੍ਰੈੱਸ ਆਪਣੇ ਨਿਰਧਾਰਿਤ ਸਮੇਂ ਤੋਂ 3 ਘੰਟੇ ਲੇਟ ਪਹੁੰਚੀਆਂ।
ਇਸ ਤੋਂ ਇਲਾਵਾ ਸ਼ਤਾਬਦੀ ਐਕਸਪ੍ਰੈੱਸ, ਸ਼ਾਨੇ ਪੰਜਾਬ ਐਕਸਪ੍ਰੈੱਸ, ਦਾਦਰ ਐਕਸਪ੍ਰੈੱਸ, ਅੰਮ੍ਰਿਤਸਰ ਨਵੀਂ ਦਿੱਲੀ ਐਕਸਪ੍ਰੈੱਸ ਆਦਿ ਟਰੇਨਾਂ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਲੇਟ ਪਹੁੰਚੀਆਂ। ਉਥੇ ਸਰਯੂ ਜਮੁਨਾ ਐਕਸਪ੍ਰੈੱਸ ਸਭ ਤੋਂ ਲੇਟ ਚਲ ਰਹੀ ਸੀ। ਪੁੱਛਗਿੱਛ ਕੇਂਦਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੋਮਵਾਰ ਨੂੰ ਆਉਣ ਵਾਲੀ ਸਰਯੂ ਯਮੁਨਾ ਐਕਸਪ੍ਰੈੱਸ ਮੰਗਲਵਾਰ ਸਵੇਰੇ ਆਉਣ ਦੀ ਸੰਭਾਵਨਾ ਸੀ।
ਜ਼ਿਕਰਯੋਗ ਹੈ ਕਿ ਛਠ ਤਿਉਹਾਰ ਕਾਰਨ ਯੂ. ਪੀ., ਬਿਹਾਰ ਜਾਣ ਵਾਲੀਆਂ ਟਰੇਨਾਂ ਵਿਚ ਪਿਛਲੇ ਕਾਫੀ ਦਿਨਾਂ ਤੋਂ ਭੀੜ ਵੇਖਣ ਨੂੰ ਮਿਲ ਰਹੀ ਸੀ ਪਰ ਸੋਮਵਾਰ ਨੂੰ ਸਟੇਸ਼ਨ 'ਤੇ ਜ਼ਿਆਦਾ ਭੀੜ ਨਜ਼ਰ ਨਹੀਂ ਆਈ, ਕਿਉਂਕਿ ਮੰਗਲਵਾਰ ਤੋਂ ਛਠ ਤਿਉਹਾਰ ਸ਼ੁਰੂ ਹੋ ਰਿਹਾ ਹੈ। ਆਪਣੇ ਪਿੰਡ ਜਾ ਕੇ ਤਿਉਹਾਰ ਮਨਾਉਣ ਵਾਲੇ ਲੋਕ ਪਹਿਲਾਂ ਹੀ ਆਪਣੀ ਮੰਜ਼ਿਲ 'ਤੇ ਪਹੁੰਚ ਚੁੱਕੇ ਹਨ।