PM ਨਰਿੰਦਰ ਮੋਦੀ ਕਰੀਬ 1 ਘੰਟੇ ਤੱਕ ਡੇਰਾ ਸੱਚਖੰਡ ਬੱਲਾਂ ’ਚ ਰੁਕੇ, 30 ਮਿੰਟ ਤੱਕ ਕੀਤਾ ਸੰਬੋਧਨ
Monday, Feb 02, 2026 - 01:31 PM (IST)
ਜਲੰਧਰ (ਗੁਲਸ਼ਨ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਸੱਚਖੰਡ ਬੱਲਾਂ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ’ਤੇ ਐਤਵਾਰ ਨੂੰ ਆਯੋਜਿਤ ਸਮਾਗਮ ’ਚ ਪਹੁੰਚੇ, ਜਿਸ ਨਾਲ ਜਿੱਥੇ ਰਵਿਦਾਸੀਆ ਸਮਾਜ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਸੀ, ਉੱਥੇ ਹੀ ਪ੍ਰਧਾਨ ਮੰਤਰੀ ਦੀ ਇਸ ਫੇਰੀ ਨੇ ਭਾਜਪਾ ਨੇਤਾਵਾਂ ਤੇ ਵਰਕਰਾਂ ’ਚ ਵੀ ਕਾਫ਼ੀ ਜੋਸ਼ ਭਰ ਦਿੱਤਾ ਸੀ। ਡੇਰੇ ’ਚ ਭਾਜਪਾ ਦੇ ਕਈ ਸੀਨੀਅਰ ਨੇਤਾ ਅਤੇ ਵਰਕਰ ਮੌਜੂਦ ਰਹੇ। ਜਿਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ ਦੀ ਆਵਾਜ਼ ਸੁਣੀ ਤਾਂ ਸੰਗਤ ’ਚ ਜੋਸ਼ ਭਰ ਗਿਆ। ਪ੍ਰਧਾਨ ਮੰਤਰੀ ਮੋਦੀ ਅਤੇ ਸੰਤ ਨਿਰੰਜਣ ਦਾਸ ਜੀ ਦੇ ਮੰਚ ’ਤੇ ਆਉਂਦੇ ਹੀ ਪੰਡਾਲ ’ਚ 'ਜੈ ਗੁਰੂਦੇਵ ਧੰਨ ਗੁਰੂਦੇਵ' ਦੇ ਜੈਕਾਰੇ ਗੂੰਜਣ ਲੱਗੇ। ਪ੍ਰਧਾਨ ਮੰਤਰੀ ਨੇ ਵੀ ਸੰਗਤ ਦਾ ਧੰਨਵਾਦ ਸਵੀਕਾਰ ਕਰਦੇ ਹੋਏ ਪੰਜਾਬੀ ’ਚ ਕਿਹਾ ਕਿ 'ਮੈਂ ਇਸ ਪਵਿੱਤਰ ਧਰਤੀ ਨੂੰ ਨਮਨ ਕਰਦਾ ਹਾਂ।' ਇਸ ਤੋਂ ਬਾਅਦ ਉਨ੍ਹਾਂ ਨੇ ਕਰੀਬ 30 ਮਿੰਟ ਤੱਕ ਸੰਬੋਧਨ ਕੀਤਾ। ਇਸ ਦੌਰਾਨ ਡੇਰੇ ਵੱਲੋਂ ਪ੍ਰਧਾਨ ਮੰਤਰੀ ਨੂੰ ਸਨਮਾਨਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਵੀ ਚਰਨ ਛੂਹ ਕੇ ਸੰਤ ਨਿਰੰਜਣ ਦਾਸ ਜੀ ਤੋਂ ਆਸ਼ੀਰਵਾਦ ਲਿਆ।
ਇਹ ਵੀ ਪੜ੍ਹੋ: ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦਾ ਹੋਕਾ ਦਿੰਦੀ ਇਹ ਵੀਡੀਓ

ਪ੍ਰਧਾਨ ਮੰਤਰੀ ਕਰੀਬ 1 ਘੰਟੇ ਤੱਕ ਡੇਰਾ ਸੱਚਖੰਡ ਬੱਲਾਂ ’ਚ ਰੁਕੇ। ਇਸ ਤੋਂ ਬਾਅਦ ਹੈਲੀਕਾਪਟਰ ਰਾਹੀਂ ਉਹ ਵਾਪਸ ਸ੍ਰੀ ਗੁਰੂ ਰਵਿਦਾਸ ਏਅਰਪੋਰਟ ਆਦਮਪੁਰ ਲਈ ਰਵਾਨਾ ਹੋ ਗਏ। ਹਾਲਾਂਕਿ ਪ੍ਰਧਾਨ ਮੰਤਰੀ ਨੇ ਆਪਣੇ 30 ਮਿੰਟ ਦੇ ਸੰਬੋਧਨ ’ਚ ਕੋਈ ਸਿਆਸੀ ਗੱਲ ਨਹੀਂ ਕੀਤੀ ਪਰ ਫਿਰ ਵੀ ਸਿਆਸੀ ਗਲਿਆਰਿਆਂ ’ਚ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਭਾਜਪਾ ਦੀ ਨਜ਼ਰ ਹੁਣ ਦਲਿਤ ਵੋਟ ਬੈਂਕ ’ਤੇ ਹੈ। ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਭਾਜਪਾ ਦੇ ਸੂਬਾ ਉੱਪ-ਪ੍ਰਧਾਨ ਸੁਭਾਸ਼ ਸ਼ਰਮਾ ਨੇ ਜੈਕਾਰੇ ਲਗਾ ਕੇ ਸੰਗਤ ’ਚ ਜੋਸ਼ ਭਰਿਆ।
ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਨੂੰ ਲੈ ਕੇ ਭਾਜਪਾ ਦੇ ਸੂਬਾ ਪੱਧਰੀ ਨੇਤਾ ਪਿਛਲੇ ਦੋ-ਤਿੰਨ ਦਿਨਾਂ ਤੋਂ ਲਗਾਤਾਰ ਭੱਜ-ਨੱਠ ਕਰ ਰਹੇ ਸਨ। ਹਾਲਾਂਕਿ ਪ੍ਰੋਗਰਾਮ ਦਿਹਾਤੀ ਖੇਤਰ ’ਚ ਸੀ ਪਰ ਫਿਰ ਵੀ ਭਾਜਪਾ ਜਲੰਧਰ ਸ਼ਹਿਰੀ ਦੇ ਨੇਤਾਵਾਂ ਨੇ ਵੀ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪੂਰੀ ਮਿਹਨਤ ਕੀਤੀ। ਪਾਰਟੀ ਦੇ ਤਮਾਮ ਵੱਡੇ ਨੇਤਾ ਵੀ ਤਿਆਰੀਆਂ ਵਿਚ ਜੁਟੇ ਹੋਏ ਸਨ। ਪੁਲਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ, ਉਪ-ਪ੍ਰਧਾਨ ਸੁਭਾਸ਼ ਸ਼ਰਮਾ, ਰਾਜੇਸ਼ ਬਾਘਾ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਅਵਿਨਾਸ਼ ਚੰਦਰ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਅਵਿਨਾਸ਼ ਰਾਏ ਖੰਨਾ, ਜੀਵਨ ਗੁਪਤਾ, ਜ਼ਿਲਾ ਪ੍ਰਧਾਨ ਸੁਸ਼ੀਲ ਸ਼ਰਮਾ, ਜ਼ਿਲਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ, ਸੰਨੀ ਸ਼ਰਮਾ, ਕਰਨ ਵਿਜ, ਗੌਰਵ ਰਾਏ, ਅਨੁਜ ਸ਼ਾਰਦਾ, ਡਿੰਪੀ ਸਚਦੇਵਾ, ਹਿਮਾਂਸ਼ੂ, ਰਮਨ ਪੱਬੀ, ਮਨੀਸ਼ ਕੌਂਸਲਰ ਰਾਜੀਵ ਧੀਂਗੜਾ, ਮੀਨੂ ਧੰਡ, ਕੌਂਸਲਰ ਪਤੀ ਅਸ਼ਵਨੀ ਧੰਡ, ਅਮਿਤ ਸੰਧਾ ਸਮੇਤ ਕਈ ਨੇਤਾ ਮੌਜੂਦ ਸਨ।

ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਜੀ ਦੇ ਆਸ਼ੀਰਵਾਦ ਨਾਲ ਅਸੀਂ 'ਵਿਕਸਿਤ ਭਾਰਤ' ਦੇ ਮਿਸ਼ਨ ਨੂੰ ਪੂਰਾ ਕਰਾਂਗੇ : PM ਨਰਿੰਦਰ ਮੋਦੀ
ਮੇਰੇ ਜਨਮ ਦਿਨ ’ਤੇ ਡੇਰੇ ’ਚ ਹੋਈ ਅਰਦਾਸ ਲਈ ਦਿਲੋਂ ਧੰਨਵਾਦ
ਮੋਦੀ ਨੇ ਕਿਹਾ ਕਿ ਅਜੇ ਕੁਝ ਮਹੀਨੇ ਪਹਿਲਾਂ ਹੀ ਸੰਤ ਨਿਰੰਜਨ ਦਾਸ ਜੀ ਅਤੇ ਹੋਰ ਸੰਤਾਂ ਦੇ ਸਨੇਹ ਨਾਲ ਮੇਰੇ ਜਨਮਦਿਨ ’ਤੇ ਡੇਰਾ ਸੱਚਖੰਡ ਬੱਲਾਂ ਵਿਚ ਅਰਦਾਸ ਕੀਤੀ ਗਈ। ਇਹ ਮੇਰੇ ਲਈ ਸਾਧਾਰਨ ਗੱਲ ਨਹੀਂ ਹੈ। ਮੇਰੇ ਜੀਵਨ ਲਈ ਇਹ ਬਹੁਤ ਵਿਸ਼ੇਸ਼ ਗੱਲ ਹੈ। ਸ੍ਰੀ ਗੁਰੂ ਰਵਿਦਾਸ ਜੀ ਨੇ ਸਾਨੂੰ ਜੋ ਸੇਵਾ ਦਾ ਮਾਰਗ ਵਿਖਾਇਆ ਹੈ, ਇਸ ਪ੍ਰੇਰਨਾ ਨਾਲ ਮੈਨੂੰ ਕਾਫ਼ੀ ਊਰਜਾ ਮਿਲੀ ਹੈ। ਮੈਂ ਇਸ ਪਿਆਰ ਲਈ ਵਿਸ਼ੇਸ਼ ਤੌਰ ’ਤੇ ਸੰਤ ਨਿਰੰਜਣ ਦਾਸ ਜੀ ਦਾ ਅਤੇ ਆਪ ਸਭ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਦਾ ਵੱਡਾ ਐਲਾਨ! ਜਲੰਧਰ, ਲੁਧਿਆਣਾ ਤੇ ਹੁਸ਼ਿਆਰਪੁਰ ਬਣਨਗੇ ਵਿਕਾਸ ਦੇ ਕੇਂਦਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
