ਜ਼ੀਰਕਪੁਰ ਦੇ ਹੋਟਲ ’ਚੋਂ ਸ਼ੱਕੀ ਹਾਲਾਤ ’ਚ ਵਿਅਕਤੀ ਦੀ ਖੂਨ ਨਾਲ ਲਥਪਥ ਲਾਸ਼ ਮਿਲੀ
Saturday, Jan 16, 2021 - 01:51 PM (IST)
![ਜ਼ੀਰਕਪੁਰ ਦੇ ਹੋਟਲ ’ਚੋਂ ਸ਼ੱਕੀ ਹਾਲਾਤ ’ਚ ਵਿਅਕਤੀ ਦੀ ਖੂਨ ਨਾਲ ਲਥਪਥ ਲਾਸ਼ ਮਿਲੀ](https://static.jagbani.com/multimedia/2021_1image_13_51_443179430hotel.jpg)
ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਤੋਂ ਚੰਡੀਗੜ੍ਹ ਜਾਂਦੇ ਮੁੱਖ ਮਾਰਗ ’ਤੇ ਸਥਿਤ ਹੋਟਲ ਜੀ. ਆਰ. ਹਾਈਵੇਅ ਦੇ ਕਮਰਾ ਨੰਬਰ 103 ਵਿਚੋਂ ਇਕ 43 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਣ ਨਾਲ ਦਹਿਸ਼ਤ ਦਾ ਮਹੌਲ ਬਣ ਗਿਆ। ਪੁਲਸ ਅਤੇ ਹੋਟਲ ਮੁਲਾਜ਼ਮਾਂ ਅਨੁਸਾਰ ਵਿਅਕਤੀ ਦੀ ਮੌਤ ਕਰੀਬ ਦੋ ਦਿਨ ਪਹਿਲਾਂ ਹੋਈ ਜਾਪਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੋਟਲ ਜੀ.ਆਰ. ਹਾਈਵੇ ਦੇ ਕਮਰਾ ਨੰਬਰ 103 ਵਿਚ ਗੋਪਾਲ ਕ੍ਰਿਸ਼ਨ ਨਾਮਕ ਵਿਅਕਤੀ ਉਮਰ 43 ਸਾਲ ਠਹਿਰਿਆ ਹੋਇਆ ਸੀ। ਬੀਤੀ ਸ਼ਾਮ ਹੋਟਲ ਮੁਲਾਜ਼ਮਾਂ ਨੂੰ ਪਤਾ ਲੱਗਾ ਕਿ ਕਮਰੇ ਵਿਚੋਂ ਬਦਬੂ ਆ ਰਹੀ ਹੈ ਤਾਂ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ ’ਤੇ ਪੁਲਸ ਨੇ ਦੇਖਿਆ ਕਿ ਗੋਪਾਲ ਕ੍ਰਿਸ਼ਨ ਮ੍ਰਿਤਕ ਹਾਲਤ ਵਿਚ ਪਿਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਸੁਮੇਧ ਸੈਣੀ ਤੇ ਉਮਰਾਨੰਗਲ ਖ਼ਿਲਾਫ਼ ਚਲਾਨ ਪੇਸ਼
ਪੁਲਸ ਨੇ ਮੁੱਢਲੀ ਪੜਤਾਲ ਵਿਚ ਪਾਇਆ ਕਿ ਮ੍ਰਿਤਕ ਦੇ ਨੱਕ ਵਿਚੋਂ ਖੂਨ ਨਿਕਲਿਆ ਹੋਇਆ ਸੀ ਜਿਸ ਨਾਲ ਰਜਾਈ ਅਤੇ ਚਾਦਰ ਖੂਨ ਨਾਲ ਲਿੱਬੜੀਆਂ ਹੋਈਆਂ ਸਨ। ਮ੍ਰਿਤਕ ਦੇ ਕਮਰੇ ਵਿਚੋਂ ਇਕ ਦੇਸੀ ਸ਼ਰਾਬ ਦੀ ਬੋਤਲ ਅਤੇ ਅਣਖਾਧੀ ਰੋਟੀ ਵੀ ਪਈ ਸੀ। ਇਸ ਸੰਬੰਧੀ ਐੱਸ.ਐੱਚ.ਓ ਉਂਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਚੰਡੀਗੜ੍ਹ ਦਾ ਵਸਨੀਕ ਜਾਪਦਾ ਹੈ ਪਰ ਮ੍ਰਿਤਕ ਦੇ ਬਟੂਏ ਵਿਚੋਂ ਤਿੰਨ ਹੋਰ ਵੱਖ-ਵੱਖ ਪਤਿਆਂ ਦੇ ਸ਼ਨਾਖਤੀ ਕਾਰਡ ਵੀ ਬਰਾਮਦ ਹੋਏ ਹਨ ਜਿਸ ਸੰਬੰਧੀ ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਨੱਕ ਵਿਚੋਂ ਨਿਕਲਿਆ ਖੂਨ, ਲੱਥਪੱਥ ਪਈਆਂ ਰਜਾਈਆਂ ਤੇ ਚਾਦਰਾ ਅਤੇ ਦੋ ਦਿਨ ਤੋਂ ਕਮਰੇ ’ਚ ਬੰਦ ਪਈ ਲਾਸ਼ ਕਿਤੇ ਨਾ ਕਿਤੇ ਹੋਟਲ ਪ੍ਰਬੰਧਕਾਂ ਉਤੇ ਸਵਾਲੀਆ ਨਿਸ਼ਾਨ ਵੀ ਖੜ੍ਹੇ ਕਰਦੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਅਤੇ ਸ਼ਨਾਖਤ ਲਈ ਡੇਰਾਬੱਸੀ ਹਸਪਤਾਲ ਵਿਖੇ ਭੇਜ ਦਿੱਤਾ ਹੈ।