ਆਰਥਿਕ ਹਾਲਤ ਸੁਧਾਰਨ ਲਈ ਹੁਸ਼ਿਆਰਪੁਰ ਦੇ ਕਿਸਾਨ ਆਲੂ ਛੱਡ ਕਰਨ ਲੱਗੇ ‘ਗਾਜਰ ਦੀ ਖੇਤੀ’ (ਤਸਵੀਰਾਂ)
Tuesday, Nov 24, 2020 - 02:24 PM (IST)
ਹੁਸ਼ਿਆਰਪੁਰ (ਅਮਰੀਕ ਕਮਾਰ) - ਦੇਸ਼ ਭਰ ’ਚ ਪੰਜਾਬ ਇਕ ਅਜਿਹਾ ਸੂਬਾ ਹੈ, ਜਿਸ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਜਾਂ ਇਸ ਤਰ੍ਹਾਂ ਕਹਿ ਦਿਓ ਕਿ ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ। ਬੁਰੀ ਖ਼ਬਰ ਤਾਂ ਇਹ ਹੈ ਕਿ ਪੰਜਾਬ ਦਾ ਅੰਨਦਾਤਾ ਅੱਜ ਖ਼ੁਦਕੁਸ਼ੀ ਦੀ ਰਾਹ ’ਤੇ ਚੱਲ ਰਿਹਾ ਹੈ, ਕਿਉਂਕਿ ਕਿਸਾਨਾਂ ਦੀ ਤਰਸਯੋਗ ਹਾਲਤ ਕਿਸੇ ਤੋਂ ਛੁਪੀ ਹੋਈ ਨਹੀਂ। ਪੰਜਾਬ ਵਿਚ ਝੋਨੇ ਅਤੇ ਕਣਕ ਦੀ ਫ਼ਸਲ ਦੇ ਨਾਲ-ਨਾਲ ਕਿਸਾਨਾਂ ਲਈ ਹੁਣ ਸਬਜ਼ੀਆਂ ਵੀ ਸਹਾਰੇ ਦੇ ਤੌਰ ’ਤੇ ਕਾਰਗਰ ਸਿੱਧ ਹੋ ਰਹੀਆਂ ਹਨ। ਪੰਜਾਬ ਦੇ ਬਹੁਤੇ ਕਿਸਾਨ ਪਹਿਲਾਂ ਆਲੂ ਦੀ ਫ਼ਸਲ ਬੀਜਦੇ ਸਨ ਪਰ ਸਮੇਂ ਅਤੇ ਬਦਲਦੇ ਸਮੀਕਰਣ ਦੇ ਕਾਰਨ ਕਿਸਾਨਾਂ ਨੇ ਖਾਦ ਪਦਾਰਥਾਂ ਨੂੰ ਵੀ ਆਪਣਾ ਸਹਾਰਾ ਬਣਾ ਲਿਆ ਹੈ।
ਹਾਲਾਂਕਿ ਪੰਜਾਬ ’ਚ ਗਾਜਰ ਦੀ ਫ਼ਸਲ ਲਗਭਗ 5000 ਏਕੜ ਰਕਬੇ ਵਿਚ ਬੀਜੀ ਜਾਂਦੀ ਹੈ, ਜਿਸ ਦਾ ਬਹੁਤਾ ਹਿੱਸਾ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਚੱਬੇਵਾਲ, ਪਿੰਡ ਬੋਹਾਨ ਅਤੇ ਆਲੇ-ਦੁਆਲੇ ਦੇ ਪਿੰਡ ਵਿਚ ਪਾਇਆ ਜਾਂਦਾ ਹੈ।ਇਸ ਦੌਰਾਨ ਜੇਕਰ ਗੱਲ ਅਸੀਂ ਪਿੰਡ ਬੋਹਾਨ ਦੀ ਕਰੀਏ ਤਾਂ ਇਸ ਪਿੰਡ ’ਚ ਕੋਈ ਕਿਸਾਨ ਅਜਿਹਾ ਨਹੀਂ, ਜੋ ਗਾਜਰ ਦੀ ਖੇਤੀ ਨਾ ਕਰਦਾ ਹੋਵੇ। ਹੁਸ਼ਿਆਰਪੁਰ ਦੇ ਕਿਸਾਨਾਂ ਨੇ ਆਪਣੀ ਹਾਲਾਤ ਨੂੰ ਸੁਧਾਰਨ ਲਈ ਹੁਣ ਨਵੀਂ ਤਕਨੀਕ ਅਤੇ ਨਵੀਂ ਉਪਜ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ’ਚ ਨਿਖ਼ਾਰ ਆ ਸਕੇ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਇਥੋਂ ਦੇ ਕਿਸਾਨਾਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਖੇਤੀ ਕਰ ਰਹੇ ਹਨ ਪਰ ਖੇਤੀ ਵਿੱਚ ਲਗਾਤਾਰ ਤਬਦੀਲੀ ਆਉਣ ਤੋਂ ਬਾਅਦ ਉਨ੍ਹਾਂ ਨੇ ਆਲੂ ਦੀ ਥਾਂ ਗਾਜਰ ਦਾ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ। ਗਾਜਰ ਦਾ ਉਤਪਾਦਨ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਨੇ ਹੁਣ ਤੱਕ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਗਾਜਰ ਦੀ ਖੇਤੀ ਕਰ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਹੋਰ ਫ਼ਸਲਾਂ ਦੀ ਬੀਜਾਈ ਦੇ ਮੁਕਾਬਲੇ ਗਾਜਰ ਦੀ ਖੇਤੀ ਕਰਕੇ ਕਿਸਾਨ ਵਧੇਰੇ ਲਾਭ ਪ੍ਰਾਪਤ ਕਰ ਰਹੇ ਹਨ।