ਬਿਜਲੀ ਸਬਸਿਡੀ ਛੱਡਣ ਲਈ ਤਿਆਰ ਨਹੀਂ ਦਿਸ ਰਹੇ ਹੁਸ਼ਿਆਰਪੁਰ ਦੇ ਕਿਸਾਨ
Wednesday, Aug 09, 2017 - 02:22 AM (IST)

ਹੁਸ਼ਿਆਰਪੁਰ, (ਜ.ਬ.)- ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਜੂਨ 2017 'ਚ ਬਿਜਲੀ ਸਬਸਿਡੀ ਦਾ ਲਾਭ ਲੈ ਰਹੇ ਸੂਬੇ ਦੇ 14 ਲੱਖ ਪਰਿਵਾਰ, ਜਿਨ੍ਹਾਂ ਵਿਚ ਸੰਪੂਰਨ ਕਿਸਾਨਾਂ ਤੇ ਫਾਰਮ ਹਾਊਸ ਦੇ ਮਾਲਕਾਂ ਦੇ ਨਾਲ-ਨਾਲ ਰਾਜਨੀਤਿਕ ਦਲਾਂ ਦੇ ਆਗੂਆਂ ਤੇ ਉੱਚ ਅਧਿਕਾਰੀਆਂ ਦੇ ਕਿਸਾਨ ਪਰਿਵਾਰਾਂ ਨੂੰ ਇਹ ਸਹੂਲਤ ਲੈਣੀ ਬੰਦ ਕਰਨ ਦੀ ਅਪੀਲ ਕੀਤੀ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸੁਖ-ਸਹੂਲਤਾਂ ਹਾਸਲ ਕਿਸਾਨ ਜੇਕਰ ਬਿਜਲੀ ਸਬਸਿਡੀ ਦਾ ਲਾਭ ਲੈਣਾ ਬੰਦ ਕਰ ਦੇਣ ਤਾਂ ਇਸ ਦਾ ਸਿੱਧਾ ਲਾਭ ਸੂਬੇ ਦੇ ਛੋਟੇ ਕਿਸਾਨਾਂ ਤੋਂ ਇਲਾਵਾ ਲੋੜਵੰਦ ਗਰੀਬ ਪਰਿਵਾਰਾਂ ਨੂੰ ਮਿਲ ਸਕੇਗਾ।
ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਦੀ ਇਸ ਅਪੀਲ ਤੋਂ 2 ਮਹੀਨੇ ਬਾਅਦ ਵੀ ਅਜੇ ਤੱਕ ਹੁਸ਼ਿਆਰਪੁਰ ਪਾਵਰਕਾਮ ਸਰਕਲ ਅਧੀਨ ਆਉਂਦੇ ਕਰੀਬ 60 ਹਜ਼ਾਰ ਕਿਸਾਨਾਂ ਵਿਚੋਂ ਇਕ ਨੇ ਵੀ ਬਿਜਲੀ ਸਬਸਿਡੀ ਦਾ ਲਾਭ ਛੱਡਣ ਦਾ ਮਨ ਨਹੀਂ ਬਣਾਇਆ।
ਮਾਰਚ 2017 ਤੱਕ ਫੂਕ ਚੁੱਕੇ ਹਨ 20 ਲੱਖ ਯੂਨਿਟ ਬਿਜਲੀ : ਵਰਣਨਯੋਗ ਹੈ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਈ ਸਹੂਲਤ ਦਾ ਲਾਭ ਦਿੰਦਿਆਂ ਮੁਫ਼ਤ ਬਿਜਲੀ-ਪਾਣੀ ਦੇਣ ਦੀ ਸਹੂਲਤ ਦਿੱਤੀ ਸੀ ਤਾਂ ਜੋ ਵੱਧ ਤੋਂ ਵੱਧ ਕਿਸਾਨ ਇਸ ਦਾ ਲਾਭ ਲੈ ਸਕਣ। ਪਾਵਰਕਾਮ ਦੇ ਅੰਕੜਿਆਂ ਅਨੁਸਾਰ ਸਰਕਾਰ ਕਿਸਾਨਾਂ ਨੂੰ ਹਰ ਸਾਲ ਬਿਜਲੀ ਦੀ ਸਹੂਲਤ ਦੇਣ ਲਈ ਸੰਬੰਧਿਤ ਵਿਭਾਗ ਨੂੰ ਲਗਭਗ 5400 ਕਰੋੜ ਰੁਪਏ ਦਿੰਦੀ ਰਹੀ ਹੈ। ਜੇਕਰ ਗੱਲ ਪਾਵਰਕਾਮ ਹੁਸ਼ਿਆਰਪੁਰ ਸਰਕਲ ਦੀ ਕੀਤੀ ਜਾਵੇ ਤਾਂ ਮਾਰਚ 2017 ਤੋਂ ਬਾਅਦ ਹੁਣ ਤੱਕ 4 ਮਹੀਨਿਆਂ 'ਚ ਹੁਸ਼ਿਆਰਪੁਰ ਸਰਕਲ ਅਧੀਨ ਆਉਂਦੇ ਕਰੀਬ 60 ਹਜ਼ਾਰ ਕਿਸਾਨਾਂ ਨੇ ਮੁਫ਼ਤ ਬਿਜਲੀ-ਪਾਣੀ ਦਾ ਲਾਭ ਲੈਂਦਿਆਂ 20 ਲੱਖ ਯੂਨਿਟ ਮਤਲਬ 80 ਲੱਖ ਰੁਪਏ ਦੀ ਬਿਜਲੀ ਫੂਕ ਦਿੱਤੀ ਹੈ। ਉਹ ਵੀ ਉਦੋਂ ਜਦੋਂ ਇਸ ਸਾਲ ਮਾਨਸੂਨ ਵੀ ਠੀਕ-ਠਾਕ ਹੈ।
ਛੋਟੇ ਕਿਸਾਨਾਂ ਨੂੰ ਨਹੀਂ ਮਿਲ ਰਹੀ ਇਹ ਸਹੂਲਤ : ਇਥੇ ਇਹ ਵੀ ਦੱਸਣਯੋਗ ਹੈ ਕਿ ਮੁਫ਼ਤ ਬਿਜਲੀ-ਪਾਣੀ ਦੀ ਸਹੂਲਤ ਦਾ ਲਾਭ ਛੋਟੇ ਕਿਸਾਨਾਂ ਨੂੰ ਬਹੁਤ ਘੱਟ ਮਿਲ ਰਿਹਾ ਹੈ। ਛੋਟੇ ਕਿਸਾਨਾਂ ਨੂੰ ਤਾਂ ਅੱਜ ਵੀ ਪਾਣੀ ਦਾ ਬਿੱਲ ਅਦਾ ਕਰ ਕੇ ਖੇਤੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਦਕਿ ਇਸ ਸਹੂਲਤ ਦਾ ਸਭ ਤੋਂ ਵੱਧ ਲਾਭ ਰਾਜਨੀਤਿਕ ਪਾਰਟੀਆਂ ਦੇ ਨੇਤਾ, ਉੱਚ ਅਧਿਕਾਰੀ ਤੇ ਕਿਸਾਨ ਪਰਿਵਾਰ ਹੀ ਲੈ ਰਹੇ ਹਨ। ਹੁਸ਼ਿਆਰਪੁਰ ਜ਼ਿਲੇ ਨਾਲ ਸੰਬੰਧਿਤ ਕਿਸਾਨ ਪਰਿਵਾਰਾਂ ਨਾਲ ਸੰਬੰਧ ਰੱਖਦੇ ਕਾਂਗਰਸੀ, ਅਕਾਲੀ, ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ, ਸਾਬਕਾ ਵਿਧਾਇਕ, ਸਾਬਕਾ ਮੰਤਰੀ ਖੁਸ਼ਹਾਲ ਕਿਸਾਨ ਹੁੰਦੇ ਹੋਏ ਵੀ ਅੱਜ ਇਹ ਸਹੂਲਤ ਲੈ ਰਹੇ ਹਨ। ਜਿਨ੍ਹਾਂ ਕੋਲ ਆਮ ਕਿਸਾਨਾਂ ਨਾਲੋਂ ਕਿਤੇ ਵੱਧ ਜ਼ਮੀਨਾਂ ਤੇ ਕਾਰੋਬਾਰ ਹਨ ਤੇ ਉਹ ਕਈ ਤਰ੍ਹਾਂ ਦੀਆਂ ਸਰਕਾਰੀ ਸਹੂਲਤਾਂ ਵੀ ਲੈ ਰਹੇ ਹਨ, ਉਹ ਵੀ ਮੁਫ਼ਤ ਬਿਜਲੀ-ਪਾਣੀ ਦੀ ਸਹੂਲਤ ਦਾ ਆਨੰਦ ਮਾਣ ਰਹੇ ਹਨ।
ਕੀ ਕਹਿੰਦੇ ਹਨ ਡਿਪਟੀ ਚੀਫ਼ ਇੰਜੀਨੀਅਰ : ਜਦੋਂ ਇਸ ਸਬੰਧੀ ਪਾਵਰਕਾਮ ਹੁਸ਼ਿਆਰਪੁਰ ਸਰਕਲ ਦੇ ਡਿਪਟੀ ਚੀਫ਼ ਇੰਜੀਨੀਅਰ ਹਰਜਿੰਦਰਜੀਤ ਸਿੰਘ ਸੈਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਸਰਕਲ ਕੋਲ ਅਜੇ ਤੱਕ ਇਕ ਵੀ ਕਿਸਾਨ ਨੇ ਬਿਜਲੀ ਸਬਸਿਡੀ ਛੱਡਣ ਦੀ ਅਰਜ਼ੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਜੇਕਰ ਪਿੰਡਾਂ 'ਚ ਵੱਡੇ ਕਿਸਾਨ, ਜੋ ਬਿਜਲੀ ਦਾ ਬਿੱਲ ਭਰਨ ਦੇ ਸਮਰੱਥ ਹਨ, ਇਸ ਸਹੂਲਤ ਨੂੰ ਛੱਡ ਦੇਣ ਤਾਂ ਬਦਲੇ 'ਚ ਸਰਕਾਰ ਛੋਟੇ ਕਿਸਾਨਾਂ ਨੂੰ ਖੇਤੀ ਨਾਲ ਸੰਬੰਧਿਤ ਹੋਰ ਸਬਸਿਡੀਆਂ ਮੁਹੱਈਆ ਕਰਵਾ ਸਕਦੀ ਹੈ।