ਹੁਣ ਗੜ੍ਹਸ਼ੰਕਰ ਤੋਂ ਲਾਪਤਾ ਹੋਈ 7 ਸਾਲਾ ਬੱਚੀ (ਵੀਡੀਓ)
Friday, Aug 23, 2019 - 02:21 PM (IST)
ਹੁਸ਼ਿਆਰਪੁਰ (ਅਮਰੀਕ) : ਪੰਜਾਬ ਵਿਚ ਬੱਚੇ ਲਾਪਤਾ ਹੋਣ ਦੀਆਂ ਘਟਨਾਵਾਂ ਦਰਮਿਆਨ ਹੁਣ ਗੜ੍ਹਸ਼ੰਕਰ ਹਲਕੇ ਦੇ ਸੈਲਾ ਖੁਰਦ ਪਿੰਡ ਤੋਂ ਇਕ 7 ਸਾਲਾ ਬੱਚੀ ਦੇ ਲਾਪਤਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਬੱਚੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਵਿਚ ਲੱਗ ਗਈ ਪਰ ਅਜੇ ਤੱਕ ਪੁਲਸ ਨੂੰ ਕੋਈ ਸਫਲਤਾ ਹੱਥ ਨਹੀਂ ਲੱਗੀ। ਬੱਚੀ ਉੱਤਰਪ੍ਰਦੇਸ਼ ਦੇ ਲਕੀਮਪੁਰ ਜ਼ਿਲੇ ਦੇ ਛਛੋਨਾ ਦੀ ਰਹਿਣ ਵਾਲੀ ਹੈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਬੇਟੀਆਂ ਹਨ ਤੇ ਵੱਡੀ ਬੇਟੀ ਬੁੱਧਵਾਰ ਰਾਤ ਨੂੰ 7 ਵਜੇ ਬਿਸਕੁੱਟ ਖਰੀਦਣ ਦੁਕਾਨ 'ਤੇ ਗਈ ਸੀ ਅਤੇ ਰਾਤ 9 ਵਜੇ ਤੱਕ ਉਹ ਵਾਪਸ ਨਹੀਂ ਆਈ ਤਾਂ ਪਰਿਵਾਰ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਉੱਧਰ ਇਸ ਘਟਨਾ ਵਿਚ ਇਕ ਨਵਾਂ ਮੋੜ ਆ ਗਿਆ, ਜਦੋਂ ਨੇੜੇ ਸਥਿਤ ਇਕ ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਇਕ ਵਿਅਕਤੀ ਇਕ ਬੱਚੀ ਨੂੰ ਲੈ ਕੇ ਪੂਰੀ ਰਾਤ ਮੰਦਰ ਦੇ ਬਾਹਰ ਰੁਕਿਆ ਸੀ। ਫਿਲਹਾਲ ਬੱਚੀ ਦੀ ਭਾਲ ਲਈ ਪੁਲਸ ਨੇ ਕਈ ਟੀਮਾਂ ਗਠਿਤ ਕੀਤੀਆਂ ਹਨ। ਬੱਚੀ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।