ਰੋਜ਼ੀ-ਰੋਟੀ ਲਈ ਦੁਬਈ ਗਏ ਵਿਅਕਤੀ ਦੀ ਪਰਤੀ ਲਾਸ਼ (ਤਸਵੀਰਾਂ)
Friday, Jun 28, 2019 - 02:52 PM (IST)

ਹੁਸ਼ਿਆਰਪੁਰ (ਅਮਰੀਕ ਕੁਮਾਰ) - ਹੁਸ਼ਿਆਰਪੁਰ ਦੇ ਪਿੰਡ ਪਦਰਾਣਾ ਦੇ ਇਕ ਘਰ 'ਤੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟ ਪਿਆ ਜਦੋਂ ਪਰਿਵਾਰ ਦਾ ਇਕੋ-ਇਕ ਕਮਾਉਣ ਵਾਲਾ ਜੀਅ ਸੁਰਜੀਤ ਸਿੰਘ ਨੂੰ ਵਿਦੇਸ਼ ਦੀ ਧਰਤੀ ਨਿਗਲ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸੁਰਜੀਤ ਪਰਿਵਾਰ ਨੂੰ ਪਾਲਣ ਲਈ ਆਬੂਧਾਬੀ ਗਿਆ ਸੀ। ਉਹ ਸਿਰਫ ਆਪਣਾ ਹੀ ਨਹੀਂ ਸਗੋਂ ਭਰਾ ਦਾ ਪਰਿਵਾਰ ਵੀ ਪਾਲਦਾ ਸੀ ਅਤੇ ਉਸ ਦੇ ਸਿਰ 'ਤੇ 3 ਭੈਣਾਂ ਦੀ ਜ਼ਿੰਮੇਵਾਰੀ ਵੀ ਸੀ। ਅੱਜ ਸਵੇਰੇ ਜਿਵੇਂ ਹੀ ਤਾਬੂਤ 'ਚ ਬੰਦ ਉਸ ਦੀ ਲਾਸ਼ ਉਸ ਦੇ ਘਰ ਪਹੁੰਚੀ ਤਾਂ ਪਿੰਡ 'ਚ ਚੀਕ-ਚਿਹਾੜਾ ਪੈ ਗਿਆ। ਹਰ ਪਾਸੇ ਦਿਲ ਨੂੰ ਹਲੂਣ ਕੇ ਰੱਖ ਦੇਣ ਵਾਲਾ ਮੰਜ਼ਰ ਸੀ।
ਦੱਸ ਦੇਈਏ ਕਿ ਆਬੂਧਾਬੀ 'ਚ ਕੰਮ ਕਰਦਿਆਂ ਸੁਰਜੀਤ 15 ਮਈ ਨੂੰ ਅਚਾਨਕ ਲਾਪਤਾ ਹੋ ਗਿਆ ਸੀ, ਜਿਸ ਦੀ ਲਾਸ਼ 21 ਮਈ ਨੂੰ ਬਰਾਮਦ ਹੋਈ ਸੀ। ਸਰਬੱਤ ਦਾ ਭਲਾ ਟਰਸਟ ਦੇ ਯਤਨਾ ਸਦਕਾ ਹੀ ਸੁਰਜੀਤ ਸਿੰਘ ਦਾ ਪਰਿਵਾਰ ਨੂੰ ਉਸ ਦੀ ਲਾਸ਼ ਦੇ ਆਖਰੀ ਦਰਸ਼ਨ ਕਰ ਸਕਿਆ ਹੈ। ਟਰਸਟ ਵਲੋਂ ਗਰੀਬੀ ਨਾਲ ਲੜ ਰਹੇ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਮਦਦ ਦਾ ਵੀ ਭਰੋਸਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸੁਰਜੀਤ ਸਿੰਘ ਵਰਗੇ ਕਿੰਨੇ ਹੀ ਨੌਜਵਾਨ ਹਨ, ਜਿਨ੍ਹਾਂ ਨੂੰ ਘਰ ਦੀਆਂ ਮਜ਼ਬੂਰੀਆਂ ਪਰਿਵਾਰਾਂ ਤੋਂ ਦੂਰ ਕਰ ਵਿਦੇਸ਼ਾਂ 'ਚ ਰੋਲ ਦਿੰਦੀਆਂ ਹਨ ਅਤੇ ਆਖੀਰ ਉਨ੍ਹਾਂ ਦੀਆਂ ਲਾਸ਼ਾਂ ਹੀ ਉਨ੍ਹਾਂ ਦੇ ਘਰ ਪਹੁੰਚਦੀਆਂ ਹਨ।