ਜਲਿਆਂਵਾਲੇ ਬਾਗ ਖੂਨੀ ਸਾਕੇ ’ਤੇ ਬ੍ਰਿਟਿਸ਼ ਹਕੂਮਤ ਅਫ਼ਸੋਸ ਨਹੀਂ ਮੁਆਫ਼ੀ ਮੰਗੇ : ਕੁਰੈਸ਼ੀ

Saturday, Apr 13, 2019 - 03:58 AM (IST)

ਜਲਿਆਂਵਾਲੇ ਬਾਗ ਖੂਨੀ ਸਾਕੇ ’ਤੇ ਬ੍ਰਿਟਿਸ਼ ਹਕੂਮਤ ਅਫ਼ਸੋਸ ਨਹੀਂ ਮੁਆਫ਼ੀ ਮੰਗੇ : ਕੁਰੈਸ਼ੀ
ਹੁਸ਼ਿਆਰਪੁਰ (ਅਮਰਿੰਦਰ)-ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਵੱਲੋਂ ਸਵੇਰੇ ਲਾਹੌਰ ਹਾਈ ਕੋਰਟ ਬਾਰ ਦੇ ਡੈਮੋਕ੍ਰੇਟਿਕ ਹਾਲ ’ਚ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦੇ ਸ਼ਤਾਬਦੀ ਸਮਾਗਮ ’ਤੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਫਾਊਂਡੇਸ਼ਨ ਦੇ ਸੰਸਥਾਪਕ ਸੁਪਰੀਮ ਕੋਰਟ ਦੇ ਵਕੀਲ ਐਡੋਵੇਕਟ ਅਬਦੁੱਲ ਰਾਸ਼ਿਦ ਕੁਰੈਸ਼ੀ ਨੇ ਕੀਤੀ, ਜਦਕਿ ਮੁੱਖ ਮਹਿਮਾਨ ਵਜੋਂ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਪਹੁੰਚੇ। ਸਮਾਗਮ ’ਚ ਭਾਰੀ ਸੰਖਿਆ ’ਚ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਕੀਲਾਂ ਤੇ ਆਮ ਨਾਗਰਿਕਾਂ ਨੇ ਹਿੱਸਾ ਲਿਆ। ਸਮਾਗਮ ਦੇ ਦੌਰਾਨ ਆਗੂਆਂ ਨੇ 100 ਸਾਲ ਪਹਿਲਾਂ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਭਾਰਤ ਤੇ ਪਾਕਿਸਤਾਨ ਦੇ ਸਾਂਝਾ ਇਤਿਹਾਸ ਦਾ ਹਿੱਸਾ ਰਹੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਲਈ ਬ੍ਰਿਟੇਨ ਸਰਕਾਰ ਤੋਂ ਸਿਰਫ਼ ਅਫਸੋਸ ਨਹੀਂ ਬਲਕਿ ਮੁਆਫ਼ੀ ਮੰਗਣ ਨੂੰ ਕਿਹਾ। ਇਸ ਮੌਕੇ ਐਡਵੋਕੇਟ ਅਬਦੁੱਲ ਰਾਸ਼ਿਦ ਕੁਰੈਸ਼ੀ ਨੇ ਪਾਕਿਸਤਾਨ ਸਰਕਾਰ ਤੋਂ ਜਲਿਆਂਵਾਲਾ ਖੂਨੀ ਸਾਕੇ ਬਾਰੇ ਮੌਜੂਦਾ ਪਾਕਿਸਤਾਨ ਦੇ ਨੌਜਵਾਨ ਪੀਡ਼੍ਹੀ ਨੂੰ ਜਾਗਰੂਕ ਕਰਨ ਲਈ ਇਸ ਵਿਸ਼ੇ ਨੂੰ ਆਪਣੇ ਸਕੂਲ ਤੇ ਕਾਲਜਾਂ ਦੇ ਸਿਲੇਬਸ ’ਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਸਮਾਗਮ ਉਪਰੰਤ ਕੈਂਡਲ ਮਾਰਚ ਕੱਢ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਰਾਸ਼ਿਦ ਕੁਰੈਸ਼ੀ ਨੇ ਕਿਹਾ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਜਲਿਆਂਵਾਲਾ ਗੋਲੀਕਾਂਡ ’ਤੇ ਅਫ਼ਸੋਸ ਜ਼ਾਹਰ ਕਰਦੇ ਕਿਹਾ ਕਿ ਇਸ ਨੂੰ ਸ਼ਰਮਨਾਕ ਧੱਬਾ ਕਿਹਾ ਹੈ ਪਰ ਸਾਡੀ ਮੰਗ ਹੈ ਕਿ ਬ੍ਰਿਟਿਸ਼ ਹਕੂਮਤ ਇਸ ਲਈ ਭਾਰਤ ਤੇ ਪਾਕਿਸਤਾਨ ਤੋਂ ਮਆਫ਼ੀ ਮੰਗੇ। ਇਥੇ ਨਹੀਂ ਬੱਸ ਨਹੀਂ ਸਾਡੀ ਮੰਗ ਹੈ ਕਿ ਇਸ ’ਚ ਸ਼ਹੀਦ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਲਾਹੌਰ ਤੋਂ ਅਟਾਰੀ ਸੀਮਾ ਤੱਕ ਜਾਣ ਵਾਲੇ ਹਾਈਵੇ ਦਾ ਨਾਂ ਜਲਿਆਂਵਾਲਾ ਰੋਡ ਰੱਖੇ ਤੇ ਪਾਕਿਸਤਾਨ ਸਰਕਾਰ ਡਾਕ ਟਿਕਟ ਵੀ ਜਾਰੀ ਕਰੇ।

Related News