ਸੰਗਤਾਂ ਨੂੰ ਸ੍ਰੀ ਖੁਰਾਲਗਡ਼੍ਹ ਸਾਹਿਬ ਦੀ ਯਾਤਰਾ ਕਰਵਾਈ

Tuesday, Apr 09, 2019 - 04:30 AM (IST)

ਸੰਗਤਾਂ ਨੂੰ ਸ੍ਰੀ ਖੁਰਾਲਗਡ਼੍ਹ ਸਾਹਿਬ ਦੀ ਯਾਤਰਾ ਕਰਵਾਈ
ਹੁਸ਼ਿਆਰਪੁਰ (ਸੰਜੀਵ)-ਸ੍ਰੀ ਗੁਰੂ ਰਵਿਦਾਸ ਸੱਚਖੰਡ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਪਿੰਡ ਅੱਤੋਵਾਲ ਵੱਲੋਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਖੁਰਾਲਗਡ਼੍ਹ ਸਾਹਿਬ ਦੇ ਦਰਸ਼ਨਾਂ ਲਈ ਬੱਸ ਯਾਤਰਾ ਕਰਵਾਈ ਗਈ। ਇਸ ਬੱਸ ਯਾਤਰਾ ਨੂੰ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਅੱਤੋਵਾਲ ਤੋਂ ਪਿੰਡ ਦੇ ਨੰਬਰਦਾਰ ਰਾਮਦਾਸ ਤੇ ਮੈਂਬਰ ਪੰਚਾਇਤ ਕਮਲਜੀਤ ਕੌਰ ਨੇ ਸਾਂਝੇ ਤੌਰ ’ਤੇ ਹਰੀ ਝੰਡੀ ਦਿਖਾ ਰਵਾਨਾ ਕੀਤਾ। ਯਾਤਰਾ ’ਚ ਸ਼ਾਮਲ ਸੰਗਤਾਂ ਲਈ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ। ਇਸ ਮੌਕੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਇਸ ਅਸਥਾਨ ’ਤੇ ਆਪਣੀ ਜ਼ਿੰਦਗੀ ਦੇ ਕੁਝ ਸਾਲ ਬਿਤਾਏ ਸਨ ਤੇ ਉਸ ਸਮੇਂ ਮੌਕੇ ਦੇ ਰਾਜਾ ਬੈਨ ਸਿੰਘ ਦੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ, ਜਦ ਰਾਜਾ ਬੈਨ ਸਿੰਘ ਨੇ ਗੁਰੂ ਜੀ ਨੂੰ ਜੇਲ ’ਚ ਬੰਦ ਕਰ ਕੇ ਚੱਕੀ ਚਲਾਉਣ ਦੇ ਹੁਕਮ ਸੁਣਾਏ ਤਾਂ ਗੁਰੂ ਜੀ ਪ੍ਰਭੂ ਭਗਤੀ ’ਚ ਲੀਨ ਹੋ ਗਏ ਤੇ ਚੱਕੀ ਆਪਣੇ-ਆਪ ਚੱਲਣ ਲੱਗੀ ਪਈ। ਅਜਿਹਾ ਕੌਤਕ ਜਦ ਰਾਜੇ ਨੇ ਆਪਣੇ ਅੱਖੀਂ ਦੇਖਿਆ ਤਾਂ ਉਸ ਨੇ ਗੁਰੂ ਜੀ ਅੱਗੇ ਸਿਰ ਝੁਕਾ ਕੇ ਮੁਆਫੀ ਮੰਗੀ। ਰਾਜੇ ਦੀ ਬੇਨਤੀ ’ਤੇ ਗੁਰੂ ਜੀ ਨੇ ਆਪਣੇ ਸੰਜੇ ਪੈਰ ਦੇ ਅੰਗੂਠੇ ਨਾਲ ਪੱਧਰ ਨੂੰ ਹਟਾਇਆ ਤਾਂ ਉੱਥੋਂ ਸ਼ੁੱਧ ਪਾਣੀ ਦੀ ਫੁਆਰ ਫੁੱਟ ਪਈ ਤੇ ਉਸ ਨੂੰ ਅੱਜ ਚਰਨ ਗੰਗਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਯਾਤਰਾ ’ਚ ਸ਼ਾਮਲ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਤੇ ਪਵਿੱਤਰ ਚਰਨ ਗੰਗਾ ਦੇ ਦਰਸ਼ਨ ਕਰਵਾਉਣ ਉਪਰੰਤ ਇਹ ਬੱਸ ਯਾਤਰਾ ਵਾਪਸ ਅੱਤੋਵਾਲ ਗੁਰਦੁਅਰਾ ਸਾਹਿਬ ਪਹੁੰਚ ਕੇ ਸੰਪੂਰਨ ਹੋਈ। ਇਸ ਮੌਕੇ ਸੰਸਾਰ ਸਿੰਘ ਕਮੇਟੀ ਪ੍ਰਧਾਨ, ਨਿਰਮਲੀ ਸਿੰਘ ਖਜ਼ਾਨਚੀ, ਕੁਲਦੀਪ ਸਿੰਘ, ਸੰਜੀਵ ਕੁਮਾਰ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਕੁਲਵਿੰਦਰ ਸਿੰਘ, ਰਾਮਦਾਸ ਨੰਬਰਦਾਰ, ਕਮਲਜੀਤ ਕੌਰ ਪੰਚ, ਦੇਵ ਰਾਜ, ਗੁਰਦਾਵਰ ਰਾਮ, ਜਸਵੰਤ ਕੌਰ, ਬਿਮਲਾ ਦੇਵੀ, ਨਰਿੰਦਰ ਕੌਰ, ਸਤਪਾਲ ਸਿੰਘ, ਜਸਵੰਤ ਚੰਟੀ, ਮਨਜੀਤ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।

Related News