ਖਡਿਆਲਾ ਸੈਣੀਆਂ ਤੋਂ ਜੈਕਾਰਿਆਂ ਦੀ ਗੂੰਜ ’ਚ ਚਾਰ ਰੋਜ਼ਾ ਪੈਦਲ ਸੰਗ ਅੱਜ ਹੋਵੇਗਾ ਰਵਾਨਾ

Friday, Mar 01, 2019 - 04:29 AM (IST)

ਖਡਿਆਲਾ ਸੈਣੀਆਂ ਤੋਂ ਜੈਕਾਰਿਆਂ ਦੀ ਗੂੰਜ ’ਚ ਚਾਰ ਰੋਜ਼ਾ ਪੈਦਲ ਸੰਗ ਅੱਜ ਹੋਵੇਗਾ ਰਵਾਨਾ
ਹੁਸ਼ਿਆਰਪੁਰ (ਜਸਵਿੰਦਰਜੀਤ, ਰਣਧੀਰ)-ਹੁਸ਼ਿਆਰਪੁਰ ਦੇ ਇਤਿਹਾਸਕ ਪਿੰਡ ਖਡਿਆਲਾ ਸੈਣੀਆਂ ਤੋਂ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਜਾਣ ਵਾਲੇ ਪੈਦਲ ਸੰਗ ਦਾ ਇਤਿਹਾਸ ਕਰੀਬ 250 ਸਾਲਾਂ ਤੋਂ ਵੀ ਵੱਧ ਪੁਰਾਣਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਤੋਂ ਇਲਾਵਾ ਇਕ ਚੌਰ ਸਾਹਿਬ ਅਤੇ ਹੱਥ ਨਾਲ ਕੱਢਿਆ ੲਿਕ ਰੇਸ਼ਮੀ ਰੁਮਾਲ ਡੇਰਾ ਬਾਬਾ ਨਾਨਕ ਸਾਹਿਬ ਵਿਖੇ ਸੁਸ਼ੋਭਿਤ ਹੈ। ਗੁਰੂ ਜੀ ਦੇ ਪਵਿੱਤਰ ਚੋਲਾ ਸਾਹਿਬ ਜੀ ਦੇ ਦਰਸ਼ਨਾਂ ਲਈ ਲੱਖਾਂ ਦੀ ਤਾਦਾਦ ’ਚ ਸੰਗਤਾਂ ਹਰ ਸਾਲ 1 ਮਾਰਚ ਨੂੰ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਦੀ ਅਗਵਾਈ ਹੇਠ ਜਾਂਦੀਆਂ ਹਨ ਜੋ ਕਿ ਚਾਰ ਦਿਨ ਲਗਾਤਾਰ ਪੈਦਲ ਯਾਤਰਾ ਕਰ ਕੇ ਹਰ ਸਾਲ 4 ਮਾਰਚ ਨੂੰ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ। ਇਸੇ ਹੀ ਕਡ਼ੀ ਦੇ ਤਹਿਤ 1 ਮਾਰਚ ਨੂੰ ਪਿੰਡ ਖਡਿਆਲਾ ਸੈਣੀਆਂ ਤੋਂ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਦੀ ਅਗਵਾਈ ਹੇਠ ਸਾਲਾਨਾ ਚਾਰ ਰੋਜ਼ ਪੈਦਲ ਸੰਗ ਬਾਅਦ ਦੁਪਹਿਰ ਗੁਰਦੁਆਰਾ ਸਿੰਘ ਸਭਾ ਤੋਂ ਜੈਕਾਰਿਆਂ ਦੀ ਗੂੰਜ ਹੇਠ ਰਵਾਨਾ ਹੋਵੇਗਾ। ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲਡ਼ੀ ਦੇ ਭੋਗ ਉਪਰੰਤ ਧਾਰਮਕ ਦੀਵਾਨ ਸਜਾਇਆ ਜਾਵੇਗਾ ਜਿਸ ਵਿਚ ਪੰਥ ਦੇ ਮਸ਼ਹੂਰ ਰਾਗੀਆਂ ਤੋਂ ਇਲਾਵਾ ਧਾਰਮਕ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਜਾਵੇਗੀ। ਸਮਾਗਮ ਦੀ ਅਰਦਾਸ ਤੋਂ ਉਪਰੰਤ ਪੈਦਲ ਸੰਗ ਡੇਰਾ ਬਾਬਾ ਨਾਨਕ ਲਈ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਰਵਾਨਾ ਹੋਵੇਗਾ ਜੋ ਕਿ ਪਹਿਲੀ ਰਾਤ ਪਿੰਡ ਕੋਟਲੀ ਜੰਡ, ਦੂਸਰੀ ਰਾਤ ਪਿੰਡ ਹਰਚੋਵਾਲ ਅਤੇ ਤੀਸਰੀ ਰਾਤ ਘੁੰਮਣ ਕਲਾਂ ਵਿਖੇ ਪੈਦਲ ਸੰਗ ’ਚ ਸ਼ਾਮਿਲ ਸੰਗਤਾਂ ਚੌਥੇ ਦਿਨ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਨਗੀਆਂ। ਇਸ ਚਾਰ ਰੋਜ਼ਾ ਪੈਦਲ ਸੰਗ ਦੇ ਜਾਣ ਵਾਲੇ ਰਸਤੇ ਵਿਚ ਸ਼ਰਧਾਲੂ ਸੰਗਤਾਂ ਵੱਲੋਂ ਥਾਂ ਥਾਂ ’ਤੇ ਕਈ ਪ੍ਰਕਾਰ ਦੇ ਲੰਗਰ ਅਤੇ ਸੰਗਤਾਂ ਦੇ ਰਾਤ ਦੇ ਵਿਸ਼ਰਾਮ ਲਈ ਵੀ ਬਹੁਤ ਹੀ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਜਾਂਦੇ ਹਨ। ਕੁੱਲ ਮਿਲਾ ਕੇ ਸੰਗਤਾਂ ’ਚ ਪੈਦਲ ਸੰਗ ਸਬੰਧੀ ਕਾਫੀ ਖੁਸ਼ੀ ਪਾਈ ਜਾ ਰਹੀ ਹੈ। ਇਸ ਧਾਰਮਕ ਸਮਾਗਮ ਸਬੰਧੀ ਪਿੰਡ ਦੀ ਹਦੂਦ ਅੰਦਰ ਪਿਛਲੇ ਲੰਬੇ ਸਮੇਂ ਤੋਂ ਵੱਖ ਵੱਖ ਧਾਰਮਕ ਸਮਾਗਮ ਅਤੇ ਅਖੰਡ ਪਾਠਾਂ ਦੀ ਲਡ਼ੀ ਚਲਾਈ ਗਈ ਸੀ। ਪਿੰਡ ਖਡਿਆਲਾ ਸੈਣੀਆਂ ਦੇ ਗੁਰਦੁਆਰਾ ਪਿੱਪਲ ਸਾਹਿਬ ਵਿਖੇ ਸੰਗਤਾਂ ਵੱਲੋਂ ਬੈਂਡ ਵਾਜਿਆਂ ਨਾਲ ਪਹੁੰਚ ਕੇ ਮਸਤਕ ਝੁਕਾਉਂਦੀਆਂ ਹਨ। ਫੋਟੋ

Related News