ਸੰਗੀਤ ਵਿਭਾਗ ਵੱਲੋਂ ਬਸੰਤ ਉਤਸਵ ਸਬੰਧੀ ‘ਆਗਾਜ਼’ ਸਮਾਰੋਹ

02/16/2019 4:12:58 AM

ਹੁਸ਼ਿਆਰਪੁਰ (ਜਸਵੀਰ)-ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਇੰਡੀਅਨ ਕਲਚਰਲ ਸੋਸਾਇਟੀ (ਹੁਸ਼ਿਆਰਪੁਰ) ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਦੀ ਅਗਵਾਈ ਅਤੇ ਸੰਗੀਤ ਵਿਭਾਗ ਦੇ ਮੁਖੀ ਡਾ. ਮਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਬਸੰਤ ਰੁੱਤ ਦੇ ਆਗਮਨ ਸਬੰਧੀ ‘ਆਗਾਜ਼’ ਸਿਰਲੇਖ ਹੇਠਾਂ ਸੰਗੀਤਕ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸ਼ਾਮਚੁਰਾਸੀ ਘਰਾਣੇ ਤੋਂ ਕਲਾਸੀਕਲ ਗਾਇਕ ਪ੍ਰੋ. ਬੀ. ਐੱਸ. ਨਾਰੰਗ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਜਦ ਕਿ ਸਮਾਰੋਹ ਦੀ ਪ੍ਰਧਾਨਗੀ ਡਾ. ਹੁਕਮ ਚੰਦ, ਕੁਲਵਿੰਦਰ ਸਿੰਘ ਜੰਡਾ, ਕੈਪਟਨ ਇੰਦਰਜੀਤ ਸਿੰਘ ਧਾਮੀ ਅਤੇ ਗੁਰਦਿਆਲ ਸਿੰਘ ਮਹੇ ਨੇ ਕੀਤੀ। ਸਮਾਰੋਹ ਦੀ ਸ਼ੁਰਆਤ ਸਰਸਵਤੀ ਬੰਦਨਾ ਨਾਲ ਕੀਤੀ ਗਈ। ਇਸ ਸਮੇਂ ਡਾ. ਪਰਵਿੰਦਰ ਸਿੰਘ ਨੇ ਹਾਜ਼ਰ ਸ਼ਖ਼ਸੀਅਤਾਂ ਨੂੰ ਸਵਾਗਤੀ ਸ਼ਬਦਾਂ ਵਿਚ ਕਿਹਾ ਕਿ ਸੰਗੀਤ ਦੀ ਮਨੁੱਖੀ ਜੀਵਨ ਵਿਚ ਬਹੁਤ ਮਹੱਤਤਾ ਹੈ ਜਿਸ ਦੁਆਰਾ ਮਨੁੱਖ ਮਾਨਸਿਕ ਅਤੇ ਆਤਮਿਕ ਤੌਰ ’ਤੇ ਸਕੂਨ ਪ੍ਰਾਪਤ ਕਰਦਾ ਹੈ। ਉਨ੍ਹਾਂ ਸੰਗੀਤ ਦੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਵਿਚ ਪ੍ਰਪੱਕ ਹੋਣ ਦੀ ਪ੍ਰੇਰਨਾ ਦਿੱਤੀ। ਇਸ ਦੌਰਾਨ ਗ਼ਜ਼ਲ ਗਾਇਕ ਗੁਰਦੀਪ ਸਿੰਘ ਨੇ ਆਪਣੀਆਂ ਗ਼ਜ਼ਲਾਂ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਪੰਡਿਤ ਸਤੀਸ਼ ਸ਼ਰਮਾ ਨੇ ਗਿਟਾਰ ਵਾਦਨ ਦੇ ਨੁਕਤੇ ਸਾਂਝੇ ਕੀਤੇ ਅਤੇ ਸੰਗੀਤਕ ਧੁਨਾਂ ਨਾਲ ਸਰੋਤਿਆਂ ਦੀ ਵਾਹ-ਵਾਹ ਖੱਟੀ। ਇਸ ਮੌਕੇ ਪ੍ਰਸਿੱਧ ਸੈਕਸੋਫੋਨ ਵਾਦਕ ਮਨਜੀਤ ਸਿੰਘ, ਤਬਲਾ ਵਾਦਕ ਗੁਰਕੀਰਤ ਸਿੰਘ ਨਾਮਧਾਰੀ ਤੇ ਦੀਪਕ ਸਿੰਘ ਨੇ ਸੰਗੀਤਕ ਧੁਨਾਂ ਅਤੇ ਕਲਾਸੀਕਲ ਗਾਇਨ ਦੀ ਪੇਸ਼ਕਾਰੀ ਵਿਚ ਆਪਣੀ ਕਲਾ ਦੇ ਜੌਹਰ ਦਿਖਾਏ। ਸਮਾਰੋਹ ਸਮੇਂ ਸ਼ਾਸਤਰੀ ਸੰਗੀਤ ਦੇ ਉਸਤਾਦ ਪ੍ਰੋ. ਬੀ. ਐੱਸ. ਨਾਰੰਗ ਨੇ ਬਸੰਤ ਰਾਗ ਦੇ ਗਾਇਨ ਦੁਆਰਾ ਹਾਜ਼ਰ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਸਮੇਂ ਪ੍ਰੋ. ਮਲਵਿੰਦਰ ਸਿੰਘ ਨੇ ਹਾਜ਼ਰ ਗਾਇਕਾਂ, ਕਲਾਕਾਰਾਂ ਅਤੇ ਸੰਗੀਤਕਾਰਾਂ ਦਾ ਧੰਨਵਾਦ ਕੀਤਾ। ਸਮਾਰੋਹ ਮੌਕੇ ਡਾ. ਸਵਾਤੀ ਸ਼ਰਮਾ, ਦਰਸ਼ਨ ਸਿੰਘ, ਮੇਜਰ ਰਘੁਵੀਰ ਸਿੰਘ, ਰਣਜੀਤ ਤਲਵਾਡ਼, ਪ੍ਰੋ. ਦੀਪਕ, ਗੁਰਦਿਆਲ ਸਿੰਘ, ਨਰਿੰਦਰ ਸੈਣੀ ਆਦਿ ਤੋਂ ਇਲਾਵਾ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ।

Related News