ਧਾਰਮਕ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਡੀ. ਐੱਸ. ਪੀ. ਨੂੰ ਮੰਗ ਪੱਤਰ ਭੇਟ

Thursday, Feb 14, 2019 - 04:59 AM (IST)

ਧਾਰਮਕ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਡੀ. ਐੱਸ. ਪੀ. ਨੂੰ ਮੰਗ ਪੱਤਰ ਭੇਟ
ਹੁਸ਼ਿਆਰਪੁਰ (ਮੋਮੀ, ਪੰਡਿਤ)-ਸ਼ਿਵ ਸੈਨਾ ਬਾਲ ਠਾਕਰੇ ਦੀ ਅਗਵਾਈ ’ਚ ਅਲੱਗ-ਅਲੱਗ ਧਾਰਮਕ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਸਮਾਜ ਨੂੰ ਦੋ ਫਾਡ਼ ਕਰਨ ਤੇ ਭਗਤ ਭਿਵੀਸ਼ਨ ਦਾ ਪੁਤਲਾ ਫੂਕਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਲਈ ਡੀ.ਐੱਸ.ਪੀ. ਟਾਂਡਾ ਨੂੰ ਮੰਗ-ਪੱਤਰ ਭੇਟ ਕੀਤਾ ਗਿਆ। ਸਮੂਹ ਸੰਸਥਾਵਾਂ ਵੱਲੋਂ ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੂੰ ਮੰਗ-ਪੱਤਰ ਦੇਣ ਸਮੇਂ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲਾ ਉਪ ਪ੍ਰਧਾਨ ਜੱਸਾ ਪੰਡਿਤ, ਗੋਬਿੰਦ ਗਊਧਾਮ ਦੇ ਮੈਂਬਰ ਪੰਡਿਤ ਦੇਵ ਸ਼ਰਮਾ, ਅਸ਼ਵਨੀ ਕੁਮਾਰ ਨੇ ਦੱਸਿਆ ਕਿ 19 ਅਕਤੂਬਰ 2018 ਨੂੰ ਦੁਸਹਿਰੇ ਦੇ ਤਿਉਹਾਰ ਦੌਰਾਨ ਸਮਾਜ ਅੰਦਰ ਲੋਕਾਂ ਨੂੰ ਭਡ਼ਕਾਉਣ ਦੇ ਮਕਸਦ ਨਾਲ ਸ਼ਰਾਰਤੀ ਅਨਸਰਾਂ ਨੇ ਉਕਤ ਸ੍ਰੀ ਰਾਮ ਭਗਤ ਦਾ ਪੁਤਲਾ ਸ਼ਾਮਚੁਰਾਸੀ ਵਿਖੇ ਸਾਡ਼ਿਆ ਸੀ। ਸ਼ਰਾਰਤੀ ਅਨਸਰਾਂ ਦੀ ਇਸ ਕਾਰਵਾਈ ਕਾਰਨ ਹਿੰਦੂ ਸਮਾਜ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਤੇ ਘਟਨਾ ਤੋਂ ਬਾਅਦ ਪੂਰੇ ਹਿੰਦੂ ਸਮਾਜ ਅੰਦਰ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਧਾਰਮਕ ਸੰਗਠਨਾਂ ਦੇ ਮੈਂਬਰਾਂ ਨੇ ਹੋਰ ਕਿਹਾ ਕਿ ਇਸ ਸਬੰਧ ’ਚ ਸਥਾਨਕ ਪੁਲਸ ਵੱਲੋਂ ਇਕ ਹੀ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਪ੍ਰੰਤੂ ਅਜੇ ਤੱਕ ਪੁਲਸ ਪ੍ਰਸ਼ਾਸਨ ਉਸਨੂੰ ਗ੍ਰਿਫ਼ਤਾਰ ਕਰਨ ’ਚ ਅਸਫ਼ਲ ਰਿਹਾ ਹੈ। ਹਿੰਦੂ ਸੰਗਠਨਾਂ ਨੇ ਕਿਹਾ ਕਿ ਹਿੰਦੂ ਧਾਰਮਕ ਗ੍ਰੰਥਾਂ ’ਚ ਭਗਵਾਨ ਵਾਲਮੀਕਿ ਜੀ, ਗੋਸਵਾਮੀ ਤੁਲਸੀਦਾਸ ਜੀ ਤੇ ਅਨੇਕਾਂ ਹੀ ਸੰਤ ਮਹਾਪੁਰਸ਼ ਆਪਣੀ ਬਾਣੀ ’ਚ ਭਗਤ ਭਿਵੀਸ਼ਨ ਨੂੰ ਉੱਚ ਕੋਟੀ ਦਾ ਰਾਮ ਭਗਤ ਦੱਸ ਚੁੱਕੇ ਹਨ ਤੇ ਇਸ ਲਈ ਹਿੰਦੂ ਸਮਾਜ ਆਪਣੇ ਸੰਤ ਮਹਾਪੁਰਸ਼ਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਇਸ ਮੌਕੇ ਮੰਗ ਕੀਤੀ ਕਿ ਪੁਲਸ ਪ੍ਰਸ਼ਾਸਨ ਬਾਕੀ ਦੇ ਦੋਸ਼ੀਆਂ ਦੇ ਨਾਂ ਵੀ ਸ਼ਾਮਲ ਕਰਕੇ ਇਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਨਹੀਂ ਤਾਂ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਸਮੂਹ ਹਿੰਦੂ ਸੰਗਠਨਾਂ ਨੂੰ ਨਾਲ ਲੈ ਕੇ ਸੰਘਰਸ਼ ਦਾ ਰਸਤਾ ਅਪਣਾਇਆ ਜਾਵੇਗਾ। ਇਸ ਮੌਕੇ ਅਭਿਸ਼ੇਕ ਸਿਆਲ, ਰਿੰਕੂ ਪਨੇਸਰ, ਪੁਨੀਤ ਨਈਅਰ, ਸ਼ਾਮ ਲਾਲ ਭਾਟੀਆ, ਪਵਨ ਬਹਿਲ, ਗੁਰਦੀਪ ਸਿੰਘ, ਬਿਮਲਜੋਤ ਸਿੰਘ, ਦਿਲਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਸੁਖਰਾਮ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।

Related News