‘ਮਹਿੰਗਾਈ ਭੱਤਾ 6 ਪ੍ਰਤੀ²ਸ਼ਤ ਦੇਣਾ ਮੈਨੇਜਮੈਂਟ ਦਾ ਭੱਦਾ ਮਜ਼ਾਕ’

02/12/2019 5:02:31 AM

ਹੁਸ਼ਿਆਰਪੁਰ (ਘੁੰਮਣ)-ਪੰਜਾਬ ਸਟੇਟ ਪਾਵਰ ਤੇ ਟਰਾਂਸਮਿਸ਼ਨ ਨਿਗਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਪਾਵਰ ਕਾਮ ਸਬ ਅਰਬਨ ਡਵੀਜ਼ਨ ਵਿਖੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਜੀ. ਪ੍ਰੇਮਸੁੱਖ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਤੋਂ ਬਾਅਦ ਪੈਨਸ਼ਨਰਾਂ ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸਰਕਾਰ ਤੇ ਮੈਨੇਜਮੈਂਟ ਖਿਲਾਫ਼ ਰੋਸ ਪ੍ਰਦਰਸ਼ਨ ਤੇ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਇੰਜੀ. ਪ੍ਰੇਮਸੁੱਖ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਜ਼ ਅਤੇ ਹੋਰ ਮੁਲਾਜ਼ਮਾਂ ਨੂੰ 16 ਪ੍ਰਤੀਸ਼ਤ ਮਹਿੰਗਾਈ ਭੱਤੇ ਦੀ ਥਾਂ 6 ਪ੍ਰਤੀਸ਼ਤ ਦੇਣਾ ਇਕ ਭੱਦਾ ਮਜ਼ਾਕ ਹੈ, ਜਿਸ ਨੂੰ ਪੰਜਾਬ ਦੇ ਸਮੂਹ ਪੈਨਸ਼ਨਰਜ਼ ਤੇ ਹੋਰ ਮੁਲਾਜ਼ਮ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਸਦਾ ਖਮਿਆਜਾ ਸਰਕਾਰ ਨੂੰ ਅਗਾਮੀ ਲੋਕ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਆਗੂਆਂ ਨੇ ਕਿਹਾ ਕਿ ਸਮੂਹ ਪੈਨਸ਼ਨਰ ਆਪਣੀਆਂ ਮੰਗਾਂ ਨੂੰ ਲੈ ਕੇ 14 ਫਰਵਰੀ ਨੂੰ ਮੋਹਾਲੀ ਵਿਖੇ ਪਾਵਰ ਕਾਮ ਪੈਨਸ਼ਨਰਾਂ ਵੱਲੋਂ ਕੀਤੇ ਜਾ ਰਹੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣਗੇ। ਇਸ ਮੌਕੇ ਸੰਬੋਧਨ ਕਰਦਿਆਂ ਸਵਰਨ ਸਿੰਘ, ਗੁਰਬਚਨ ਦਾਸ ਬੰਗਡ਼, ਮਲਕੀਤ ਸਿੰਘ, ਪ੍ਰੀਤਮ ਚੰਦ, ਸੁਰਜੀਤ ਸਿੰਘ, ਆਰ. ਬੀ. ਮਲਹੋਤਰਾ, ਗਿਆਨ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਪਾਵਰ ਕਾਮ ਮੈਨੇਜਮੈਂਟ ਸਾਡੀਆਂ ਮੰਗਾਂ ਨੂੰ ਮੀਟਿੰਗਾਂ ਦੌਰਾਨ ਮੰਨ ਲੈਂਦੀ ਹੈ, ਪ੍ਰੰਤੂ ਉਨ੍ਹਾਂ ਨੂੰ ਲਾਗੂ ਨਹੀਂ ਕਰ ਰਹੀ, ਜਿਸ ਲਈ ਪੈਨਸ਼ਨਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਕੀ ਹਨ ਪੈਨਸ਼ਨਰਾਂ ਦੀਆਂ ਮੰਗਾਂ ਪੈਨਸ਼ਨਰਾਂ ਦੀਆਂ ਪ੍ਰਮੁੱਖ ਮੰਗਾਂ ਵਿਚ ਬਿਜਲੀ ਯੂਨਿਟਾਂ ਦੀ ਰਿਆਇਤ ਰੈਗੂਲਰ ਕਰਮਚਾਰੀਆਂ ਦੀ ਤਰ੍ਹਾਂ ਦਿੱਤੀ ਜਾਵੇ, 7ਵੇਂ ਪੇ ਕਮਿਸ਼ਨ ਦੀ ਰਿਪੋਰਟ ਜਲਦ ਤਿਆਰ ਕਰਕੇ ਕੇਂਦਰ ਸਰਕਾਰ ਦੀ ਤਰ੍ਹਾਂ ਤਨਖ਼ਾਹ ਤੇ ਪੈਨਸ਼ਨ ਵਿਚ ਸੋਧ ਕੀਤੀ ਜਾਵੇ, ਜਨਵਰੀ 2017 ਤੋਂ ਵਧੇ ਹੋਏ ਡੀ. ਏ. ਦੀ ਕਿਸ਼ਤ ਜਾਰੀ ਕੀਤੀ ਜਾਵੇ, ਕੈਸ਼ਲੈੱਸ ਮੈਡੀਕਲ ਸਕੀਮ ਨੂੰ ਮੁਡ਼ ਪਹਿਲਾਂ ਦੀ ਤਰ੍ਹਾਂ ਬਹਾਲ ਕੀਤਾ ਜਾਵੇ, ਮੈਡੀਕਲ ਭੱਤਾ ਘੱਟੋ-ਘੱਟ 2000 ਰੁਪਏ ਕੀਤਾ ਜਾਵੇ, ਕੰਟਰੀਬਿਊਟਰੀ ਪੈਨਸ਼ਨ ਬੰਦ ਕਰਕੇ ਪੁਰਾਣੀ ਪੈਨਸ਼ਨ 2004 ਤੋਂ ਬਾਅਦ ਕਰਮਚਾਰੀਆਂ ਨੂੰ ਦਿੱਤੀ ਜਾਵੇ, ਨਵੀਂ ਭਰਤੀ ਪੂਰੇ ਭੱਤਿਆਂ ਮੁਤਾਬਕ ਦਿੱਤੀ ਜਾਵੇ ਆਦਿ ਮੰਗਾਂ ਸ਼ਾਮਲ ਹਨ।

Related News