‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ 30ਵਾਂ ਸਡ਼ਕ ਸੁਰੱਖਿਆ ਹਫ਼ਤਾ ਸ਼ੁਰੂ
Wednesday, Feb 06, 2019 - 04:59 AM (IST)
ਹੁਸ਼ਿਆਰਪੁਰ (ਘੁੰਮਣ)-‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲੇ ਵਿਚ ਰਿਜ਼ਨਲ ਟਰਾਂਸਪੋਰਟ ਅਥਾਰਟੀ ਵੱਲੋਂ 30ਵਾਂ ਸਡ਼ਕ ਸੁਰੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਵਿਚ ਵਿਭਾਗ ਵੱਲੋਂ ਵੱਖ-ਵੱਖ ਗਤੀਵਿਧੀਆਂ ਤਹਿਤ ਜਾਗਰੂਕਤਾ ਫੈਲਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਰਿਜ਼ਨਲ ਟਰਾਂਸਪੋਰਟ ਅਥਾਰਟੀ ਹੁਸ਼ਿਆਰਪੁਰ ਵੱਲੋਂ ਸਡ਼ਕ ਸੁਰੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ ਅਤੇ ਇਸ ਹਫ਼ਤੇ ਦੌਰਾਨ ਟਰੈਫ਼ਿਕ ਨਿਯਮਾਂ ਸਬੰਧੀ ਜਾਗਰੂਕਤਾ ਫੈਲਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਥੇ ਵਿਭਾਗ ਵੱਲੋਂ ਵੱਖ-ਵੱਖ ਚੌਕਾਂ ’ਤੇ ਸਡ਼ਕ ਸੁਰੱਖਿਆ ਹਫ਼ਤਾ ਸਬੰਧੀ ਜਾਗਰੂਕਤਾ ਬੈਨਰ ਲਾਏ ਜਾ ਰਹੇ ਹਨ, ਉਥੇ ਵੱਖ-ਵੱਖ ਪ੍ਰਦੂਸ਼ਣ ਚੈੱਕ ਸੈਂਟਰਾਂ ’ਤੇ ਵਹੀਕਲਾਂ ਦਾ ਮੁਫ਼ਤ ਪ੍ਰਦੂਸ਼ਣ ਚੈੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 6 ਫਰਵਰੀ ਨੂੰ ਵਿਭਾਗ ਵੱਲੋਂ ਦਾਣਾ ਮੰਡੀ ਹੁਸ਼ਿਆਰਪੁਰ ਵਿਖੇ ਟਰੈਕਟਰ-ਟਰਾਲੀਆਂ ’ਤੇ ਰਿਫਲੈਕਟਰ ਲਾਏ ਜਾਣਗੇ, ਜਦਕਿ 7 ਫਰਵਰੀ ਨੂੰ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਦੀ ਵਰਕਸ਼ਾਪ ਵਿਚ ਬੱਸਾਂ ਦੇ ਡਰਾਈਵਰਾਂ ਦੀਆਂ ਅੱਖਾਂ ਦਾ ਮੁਫ਼ਤ ਚੈੱਕਅਪ ਕੀਤਾ ਜਾਵੇਗਾ। ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ 8 ਫਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੰਟਾ ਘਰ ਵਿਖੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਵੀ ਲਾਇਆ ਜਾ ਰਿਹਾ ਹੈ ਅਤੇ 9 ਫਰਵਰੀ ਨੂੰ ਗੱਡੀਆਂ ’ਤੇ ਰਿਫਲੈਕਟਰ ਲਾਉਣ ਤੋਂ ਇਲਾਵਾ ਵਾਹਨ ਮਾਲਕਾਂ, ਡਰਾਈਵਰਾਂ, ਕੰਡਕਟਰਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 10 ਫਰਵਰੀ ਨੂੰ ਮੋਟਰ ਗੱਡੀ ਇੰਸਪੈਕਟਰ ਹੁਸ਼ਿਆਰਪੁਰ ਬੱਸਾਂ ਦੀ ਚੈਕਿੰਗ ਕਰਨਗੇ। ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ ਟਰੈਫ਼ਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ, ਕਿਉਂਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਆਪਣੀ ਅਤੇ ਦੂਸਰਿਆਂ ਦੀ ਜ਼ਿੰਦਗੀ ਸੁਰੱਖਿਅਤ ਰੱਖੀ ਜਾ ਸਕਦੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਨਾਬਾਲਗ ਬੱਚਿਆਂ ਨੂੰ ਦੋਪਹੀਆ ਵਾਹਨ ਨਾ ਚਲਾਉਣ ਦਿੱਤੇ ਜਾਣ। ਇਸ ਤੋਂ ਇਲਾਵਾ ਤੇਜ਼ ਸਪੀਡ ਹਾਦਸਿਆਂ ਦਾ ਕਾਰਨ ਬਣਦੀ ਹੈ, ਇਸ ਲਈ ਤੇਜ਼ ਸਪੀਡ ’ਤੇ ਕੰਟਰੋਲ ਕੀਤਾ ਜਾਵੇ।
