ਕਾਰਗਿੱਲ ਦੇ ਸ਼ਹੀਦ ਦਾ ਪਰਿਵਾਰ 19 ਸਾਲ ਤੋਂ ਖਾ ਰਿਹੈ ਦਰ-ਦਰ ਦੀਆਂ ਠੋਕਰਾਂ
Thursday, Nov 07, 2019 - 01:01 PM (IST)
ਹੁਸ਼ਿਆਰਪੁਰ (ਅਮਰੀਕ) - ਦੇਸ਼ ਅਤੇ ਪੰਜਾਬ ਦੀ ਸਰਹੱਦਾਂ 'ਤੇ ਤਾਇਨਾਤ ਬਹੁਤ ਸਾਰੇ ਫੌਜੀ ਵੀਰ ਅਜਿਹੇ ਸਨ, ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਦੇਸ਼ ਲਈ ਮਰ ਮਿੱਟਣ ਵਾਲੇ ਉਕਤ ਫੌਜੀ ਵੀਰਾਂ ਦੇ ਪਰਿਵਾਰਾਂ ਦੀ ਹਾਲਤ ਅੱਜ ਬਦ ਤੋਂ ਬੱਤਰ ਹੋ ਗਈ ਹੈ, ਕਿਉਂਕਿ ਪਰਿਵਾਰਾਂ ਨੂੰ ਸਹੂਲਤਾਂ ਦੇਣ ਦੇ ਵਾਅਦੇ ਕਰਨ ਵਾਲੇ ਲੋਕ ਉਨ੍ਹਾਂ ਨੂੰ ਭੁੱਲ ਗਏ ਹਨ। ਜਦੋਂ ਕਿਸੇ ਸ਼ਹੀਦ ਦੀ ਮ੍ਰਿਤਕ ਦੇਹ ਫੌਜੀ ਉਸ ਦੇ ਪਿੰਡ ਲੈ ਕੇ ਆਉਂਦੇ ਹਨ ਤਾਂ ਪ੍ਰਸ਼ਾਸਨਿਕ ਅਧਿਕਾਰੀ ਤੇ ਸਿਆਸੀ ਲੀਡਰ ਵੱਡੀਆਂ-ਵੱਡੀਆਂ ਗੱਲਾਂ ਅਤੇ ਨਾਅਰੇ ਲਗਾ ਕੇ ਆਪਣੀ ਸਿਆਸੀ ਚਮਕਾਉਣ 'ਚ ਕੋਈ ਕਸਰ ਨਹੀਂ ਛੱਡਦੇ। ਅਜਿਹਾ ਹੀ ਕੁਝ ਤਹਿਸੀਲ ਗੜ੍ਹਸ਼ੰਕਰ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬੀਨੇਵਾਲ ਵਿਖੇ ਦੇਖਣ ਨੂੰ ਮਿਲਿਆ। ਇਸ ਥਾਂ 'ਤੇ ਰਹਿ ਰਿਹਾ ਕਾਰਗਿੱਲ ਦੇ ਸ਼ਹੀਦ ਬਲਦੇਵ ਰਾਜ ਦਾ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਿਹਾ ਹੈ। ਇਹ ਲੋਕ ਇਸ ਉਡੀਕ 'ਚ ਹਨ ਕਿ ਸ਼ਾਇਦ ਕੋਈ ਪ੍ਰਸ਼ਾਨਿਕ ਅਧਿਕਾਰੀ ਜਾਂ ਕੋਈ ਸਿਆਸੀ ਆਗੂ ਆ ਕੇ ਉਨ੍ਹਾਂ ਦੀ ਸਾਰ ਲੈ ਲਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਦੇ ਪਿਤਾ ਰਾਮ ਦਾਸ ਨੇ ਦੱਸਿਆ ਕਿ ਮੇਰਾ ਪੁੱਤਰ ਕਾਰਗਿੱਲ 'ਚ 17 ਜੁਲਾਈ 1999 ਨੂੰ ਦੇਸ਼ ਲਈ ਲ਼ੜਦਾ ਹੋਇਆ ਸ਼ਹੀਦ ਹੋ ਗਿਆ ਸੀ, ਜਿਸ ਨੂੰ ਅੱਜ ਸ਼ਹੀਦ ਹੋਏ ਨੂੰ 19 ਸਾਲ ਹੋ ਗਏ ਹਨ। ਸਰਕਾਰ ਨੇ ਸਾਨੂੰ 10 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਪਰ ਸਾਨੂੰ 5 ਲੱਖ ਰੁਪਏ ਹੀ ਮਿਲੇ। ਸਰਕਾਰ ਨੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਉਹ ਵੀ ਨਹੀਂ ਮਿਲੀ। ਸਾਡੇ ਪਿੰਡ ਦੇ ਸਕੂਲ ਦਾ ਨਾਂ ਸ਼ਹੀਦ ਦੇ ਨਾਂ 'ਤੇ ਰੱਖ ਕੇ ਅਫਸਰਸ਼ਾਹੀ ਨੇ ਸਾਡੇ ਨਾਲ ਕੋਝਾ ਮਜ਼ਾਕ ਕੀਤਾ। ਉਨ੍ਹਾਂ ਨੇ ਸਕੂਲ 'ਚ ਸ਼ਹੀਦ ਦੇ ਨਾਂ ਦਾ ਬੋਰਡ ਲਾ ਕੇ ਸਾਰ ਦਿੱਤਾ, ਜਦਕਿ ਕਾਗਜ਼ਾਂ 'ਚ ਸ਼ਹੀਦ ਦਾ ਨਾਂ ਕੀਤੇ ਦਰਜ ਨਹੀਂ ।
ਸ਼ਹੀਦ ਦੀ ਪਤਨੀ ਨੇ ਕਿਹਾ ਕਿ ਜਦੋਂ ਮੇਰੇ ਪਤੀ ਸ਼ਹੀਦ ਹੋਏ ਸਨ, ਉਸ ਸਮੇਂ ਮੇਰੇ ਬੱਚੇ ਬਹੁਤ ਛੋਟੇ ਸਨ, ਜਿਸ ਕਾਰਨ ਉਹ ਨੌਕਰੀ ਨਹੀਂ ਸੀ ਕਰ ਸਕਦੀ। ਮੈਂ ਸਰਕਾਰ ਨੂੰ ਬੇਨਤੀ ਕੀਤੀ ਸੀ ਜਦੋਂ ਮੇਰਾ ਪੁੱਤਰ ਵੱਡਾ ਹੋਵੇਗਾ, ਉਸ ਨੂੰ ਨੌਕਰੀ ਦੇ ਦੇਣ। ਉਸ ਨੇ ਦੱਸਿਆ ਕਿ ਨੌਕਰੀ ਦੇਣੀ ਤਾਂ ਦੂਰ ਦੀ ਗੱਲ, ਦਫਤਰਾਂ 'ਚ ਜਾ-ਜਾ ਕੇ ਉਨ੍ਹਾਂ ਦੇ ਪੈਰ ਘੱਸ ਗਏ ਹਨ, ਜਿਸ ਦੇ ਬਾਵਜੂਦ ਉਨ੍ਹਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ। ਉਸ ਨੇ ਕਿਹਾ ਕਿ ਨੌਕਰੀ ਨਾ ਹੋਣ ਕਾਰਨ ਪਰਿਵਾਰ ਦੀ ਦੇਖ ਭਾਲ ਕਰਨੀ ਬਹੁਤ ਮੁਸ਼ਕਲ ਹੋ ਗਈ ਹੈ।