ਹੁਸ਼ਿਆਰਪੁਰ : 2 BSF ਜਵਾਨਾਂ ਤੇ 2 ਪੁਲਸ ਮੁਲਾਜ਼ਮਾਂ ਸਮੇਤ 7 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ
Monday, Jul 13, 2020 - 11:06 PM (IST)
ਹੁਸ਼ਿਆਰਪੁਰ,(ਘੁੰਮਣ)-ਜ਼ਿਲੇ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਜ਼ਿਲੇ ਵਿਚ 7 ਨਵੇਂ ਪਾਜ਼ੇਟਿਵ ਕੇਸ ਆਉਣ ਨਾਲ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 207 ਤੱਕ ਪਹੁੰਚ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ਵਿਚ ਜ਼ਿਲੇ ਦੇ 2 ਕੇਸ ਲੁਧਿਆਣਾ ਨਾਲ ਸਬੰਧਿਤ ਹਨ, ਜਿਸ ਵਿਚ 1 ਪੁਲਸ ਮੁਲਾਜ਼ਮ ਅਤੇ ਦੂਜਾ ਪ੍ਰਾਈਵੇਟ ਨੌਕਰੀ ਕਰਦਾ ਹੈ। ਇਕ ਹੋਰ ਕੇਸ ਪਟਿਆਲਾ ਨਾਲ ਸਬੰਧਿਤ ਹੈ ਅਤੇ ਇਹ ਵੀ ਪੁਲਸ ਮੁਲਾਜ਼ਮ ਹੈ। 2 ਕੇਸ ਬੀ. ਐੱਸ. ਐੱਫ. ਖੜਕਾਂ ਕੈਂਪ ਨਾਲ ਸਬੰਧਿਤ ਹਨ। 2 ਕੇਸ ਵਿਦੇਸ਼ ਤੋਂ ਆਏ ਵਿਅਕਤੀ ਹਨ, ਜੋ ਕਿ ਜ਼ਿਲੇ ਦੇ ਗੜ੍ਹਸ਼ੰਕਰ ਦੇ ਪਿੰਡ ਮਹਿਤਾਬਪੁਰ ਅਤੇ ਇਕ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਚੱਕ ਸਾਧੂ ਨਾਲ ਸਬੰਧਿਤ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਅੱਜ ਹਾਸਲ ਹੋਈ 476 ਸੈਂਪਲਾਂ ਦੀ ਰਿਪੋਰਟ 'ਚ ਉਪਰੋਕਤ 7 ਪਾਜ਼ੇਟਿਵ ਮਰੀਜ਼ਾਂ ਦਾ ਖੁਲਾਸਾ ਹੋਇਆ ਹੈ। ਜ਼ਿਲੇ ਵਿਚ ਅੱਜ ਸ਼ੱਕੀ ਮਰੀਜ਼ਾਂ ਦੇ 562 ਨਵੇਂ ਸੈਂਪਲ ਲਏ ਗਏ ਹਨ। ਜ਼ਿਲੇ ਵਿਚ ਹੁਣ ਤੱਕ ਕੁਲ ਲਏ ਗਏ 17,904 ਸੈਂਪਲਾਂ ਵਿਚੋਂ 17 ਹਜ਼ਾਰ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 687 ਸੈਂਪਲਾਂ ਦੀ ਰਿਪੋਰਟ ਦਾ ਵਿਭਾਗ ਨੂੰ ਇੰਤਜ਼ਾਰ ਹੈ। 30 ਸੈਂਪਲ ਹੁਣ ਤੱਕ ਇਨਵੈਲਿਡ ਪਾਏ ਜਾ ਚੁੱਕੇ ਹਨ। 182 ਮਰੀਜ਼ ਰਿਕਵਰ ਕਰ ਚੁੱਕੇ ਹਨ ਅਤੇ ਜ਼ਿਲੇ ਵਿਚ ਇਸ ਸਮੇਂ 18 ਐਕਟਿਵ ਕੇਸ ਹਨ ਅਤੇ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸਿਵਲ ਸਰਜਨ ਨੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਗਰਭਵਤੀ ਔਰਤਾਂ, 10 ਸਾਲ ਤੱਕ ਦੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰਾਂ ਵਿਚੋਂ ਬਾਹਰ ਨਾ ਆਉਣ ਦਿੱਤਾ ਜਾਵੇ। ਸਮਾਜਿਕ ਦੂਰੀ ਦਾ ਵੀ ਵਿਸ਼ੇਸ਼ ਧਿਆਨ ਰੱਖੋ ਤਾਂ ਕਿ ਕੋਰੋਨਾ ਵਾਇਰਸ ਦੀ ਅੱਗੇ ਵਧਦੀ ਚੇਨ ਨੂੰ ਤੋੜਿਆ ਜਾ ਸਕੇ।
ਜ਼ਿਲਾ ਐਪੀਡੀਮੋਲੋਜਿਸਟ ਡਾ. ਸੈਲੇਸ਼ ਦਾ ਵੀ ਲਿਆ ਸੈਂਪਲ
ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਪਿਛਲੇ 4 ਮਹੀਨੇ ਤੋਂ ਫਰੰਟ ਲਾਈਨ 'ਤੇ ਵਾਰੀਅਰ ਦੇ ਤੌਰ 'ਤੇ ਕੰਮ ਕਰ ਰਹੇ ਜ਼ਿਲਾ ਐਪੀਡੀਮੋਲੋਜਿਸਟ ਅਤੇ ਨੋਡਲ ਅਧਿਕਾਰੀ ਡਾ. ਸੈਲੇਸ਼ ਦਾ ਵੀ ਅੱਜ ਸੈਂਪਲ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਦੁਆਰਾ ਪੂਰੀ ਚੌਕਸੀ ਵਰਤੀ ਜਾ ਰਹੀ ਹੈ।