ਜੀ. ਐੱਸ. ਟੀ. ਲਾਗੂ ਹੋਣ ਨਾਲ ਹਿੰਮਤਪੁਰਾ ਦੀ ਖੇਤੀ ਇੰਡਸਟਰੀ ''ਤੇ ਖਤਰੇ ਦੇ ਬੱਦਲ ਮੰਡਰਾਏ

Friday, Jun 23, 2017 - 01:47 PM (IST)


ਨਿਹਾਲ ਸਿੰਘ ਵਾਲਾ/ਬਿਲਾਸਪੁਰ(ਬਾਵਾ, ਜਗਸੀਰ)-ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਜੀ. ਐੱਸ. ਟੀ. ਐਕਟ ਲਾਗੂ ਕੀਤੇ ਜਾਣ ਤੋਂ ਬਾਅਦ ਵਿਸ਼ਵ ਪੱਧਰ 'ਤੇ ਨਾਮਣਾ ਖੱਟਣ ਵਾਲੀ ਹਿੰਮਤਪੁਰਾ ਦੀ ਖੇਤੀ ਇੰਡਸਟਰੀ 'ਤੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਪਿੰਡ ਹਿੰਮਤਪੁਰਾ ਦੀ ਖੇਤੀ ਸੰਦ ਬਣਾਉਣ ਵਾਲੀ ਇੰਡਸਟਰੀ ਨੇ ਖੇਤੀ ਨਾਲ ਸਬੰਧਿਤ ਵੱਖ-ਵੱਖ ਅਤਿ-ਆਧੁਨਿਕ ਸੰਦ ਬਣਾ ਕੇ ਵਿਸ਼ਵ ਪੱਧਰ 'ਤੇ ਨਾਮਣਾ ਖੱਟਿਆ ਹੈ। ਇਸੇ ਕਰ ਕੇ ਖੇਤੀ ਸੰਦ ਤਿਆਰ ਕਰਨ ਲਈ ਲੁਧਿਆਣਾ ਤੋਂ ਬਾਅਦ ਹਿੰਮਤਪੁਰਾ ਦੀ ਤੂਤੀ ਬੋਲਦੀ ਹੈ। 
ਦੇਸ਼-ਵਿਦੇਸ਼ਾਂ 'ਚ ਖੇਤੀ ਦੇ ਸੰਦ ਤਿਆਰ ਕਰਨ 'ਚ ਆਪਣਾ ਨਾਮਣਾ ਖੱਟ ਚੁੱਕੇ ਪਿੰਡ ਹਿੰਮਤਪੁਰਾ ਦੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਵਿਸ਼ਵਕਰਮਾ ਐਗਰੀਕਲਚਰ ਵਰਕਸ ਦੇ ਮਿਸਤਰੀ ਜਗਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਣਾਏ ਰੀਪਰ, ਰੋਟਾਵੇਟਰ ਅਤੇ ਲੇਜ਼ਰ ਲੇਵਲ ਕੰਪਿਊਟਰ ਕਰਾਹਾ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਦੀ ਖਿੱਚ ਦਾ ਕੇਂਦਰ ਬਣੇ ਹਨ। ਇੱਥੋਂ ਦੇ ਬਣੇ ਟਾਇਰਾਂ ਵਾਲੇ ਕਰਾਹੇ ਨੇਪਾਲ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਮੱਧ ਪ੍ਰਦੇਸ਼, ਆਸਾਮ, ਉੜੀਸ਼ਾ 'ਚ ਬਹੁਤ ਹਰਮਨ-ਪਿਆਰੇ ਹਨ, ਜੋ ਕਿ ਦੇਸ਼ ਦੀ ਬੰਜਰ ਪਈ ਲੱਖਾਂ ਏਕੜ ਜ਼ਮੀਨ ਨੂੰ ਵਾਹੀਯੋਗ ਬਣਾ ਚੁੱਕੇ ਹਨ। ਮਿਸਤਰੀ ਜਗਰਾਜ ਸਿੰਘ ਨੇ ਦੱਸਿਆ ਕਿ ਉਸ ਦੇ ਬਣਾਏ ਸੰਦਾਂ ਦਾ ਆਰਡਰ ਪਾਕਿਸਤਾਨ 'ਚੋਂ ਵੀ ਆ ਗਿਆ ਸੀ ਪਰ ਦੋਵਾਂ ਦੇਸ਼ਾਂ ਦੇ ਸੰਬੰਧ ਸੁਖਾਵੇਂ ਨਾ ਹੋਣ ਕਾਰਨ ਉਹ ਆਪਣੇ ਸੌਦੇ ਨੂੰ ਅੰਜਾਮ ਨਹੀਂ ਦੇ ਸਕੇ। 
ਮਿਸਤਰੀ ਜਗਰਾਜ ਸਿੰਘ ਨੇ ਦੱਸਿਆ ਕਿ ਦੇਸ਼ ਖਾਸ ਕਰ ਕੇ ਪੰਜਾਬ ਦੇ ਕਿਸਾਨਾਂ ਵੱਲੋਂ ਝੋਨੇ ਅਤੇ ਕਣਕ ਨੂੰ ਕੰਬਾਈਨ ਨਾਲ ਕੱਟਣ ਤੋਂ ਬਾਅਦ ਰਹਿੰਦ-ਖੂੰਹਦ ਨੂੰ ਲਾਈ ਜਾਂਦੀ ਅੱਗ ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ। ਇਸ ਸਮੱਸਿਆ 'ਤੇ ਕਾਬੂ ਪਾਉਣ ਲਈ ਸਰਕਾਰ ਦੀ ਮੰਗ 'ਤੇ ਉਨ੍ਹਾਂ ਨੇ ਰੀਪਰ ਤਿਆਰ ਕੀਤਾ ਹੈ, ਜੋ ਕਿ ਰਹਿੰਦ-ਖੂਹਦ ਤੋਂ ਤੂੜੀ ਬਣਾਉਂਦਾ ਹੈ, ਜਿਸ ਨਾਲ ਇਸ ਵਾਰ ਇਸ ਸਮੱਸਿਆ 'ਤੇ ਕਾਫੀ ਹੱਦ ਤੱੱਕ ਕਾਬੂ ਪਾਇਆ ਗਿਆ ਹੈ। ਜਗਰਾਜ ਸਿੰਘ ਨੇ ਦੱਸਿਆ ਕਿ ਪਹਿਲਾਂ ਉਸ ਦੇ ਪਿਤਾ ਮਿਸਤਰੀ ਜਸਵੰਤ ਸਿੰਘ ਵੱਲੋਂ ਕਹੀਆਂ ਅਤੇ ਗੱਡੇ ਬਣਾਏ ਜਾਂਦੇ ਸਨ ਅਤੇ ਖੇਤੀਬਾੜੀ ਖੇਤਰ ਵਿਚ ਆਏ ਮਸ਼ੀਨਰੀ ਯੁੱਗ ਦੇ ਨਾਲ-ਨਾਲ ਉਨ੍ਹਾਂ ਵੱਲੋਂ ਟਾਇਰਾਂ ਵਾਲੇ ਕਰਾਹੇ ਤੋਂ ਸ਼ੁਰੂ ਕਰ ਕੇ, ਕੰਪਿਊਟਰ ਕਰਾਹਾ, ਰੋਟਾਵੇਟਰ ਅਤੇ ਹੁਣ ਰੀਪਰ ਆਦਿ ਨਵੀਆਂ ਤਕਨੀਕਾਂ ਦੇ ਨਾਲ ਕਿਸਾਨੀ ਨੂੰ ਜੋੜਿਆ ਗਿਆ ਹੈ।
ਕੇਂਦਰ ਸਰਕਾਰ ਵੱਲੋਂ ਜੀ. ਐੱਸ. ਟੀ. ਲਾਗੂ ਕਰਨ ਦਾ ਅਸਰ ਇਸ ਇੰਡਸਟਰੀ 'ਤੇ ਹੁਣ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ। ਮਿਸਤਰੀ ਜਗਰਾਜ ਸਿੰਘ ਨੇ ਦੱਸਿਆ ਕਿ ਖੇਤੀ ਧੰਦੇ ਨੂੰ ਹੁਣ ਤੱਕ ਦੀਆਂ ਸਰਕਾਰਾਂ ਵੱਲੋਂ ਟੈਕਸ ਮੁਕਤ ਕਰ ਕੇ ਕਿਸੇ ਵੀ ਇੰਡਸਟਰੀ ਮਾਲਕ ਕੋਲ ਵੈਟ ਨੰਬਰ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਇਸ ਐਕਟ ਕਾਰਨ ਆਪਣਾ ਕਾਰੋਬਾਰ ਬੰਦ ਕਰਨਾ ਪੈ ਸਕਦਾ ਹੈ। ਹਿੰਮਤਪੁਰਾ ਦੀ ਖੇਤੀ ਇੰਡਸਟਰੀ ਬੰਦ ਹੋਣ 'ਤੇ ਇੰਨ੍ਹਾਂ ਇੰਡਸਟਰੀਆਂ 'ਚ ਕੰਮ ਕਰਦੇ ਸੈਂਕੜੇ ਮਜ਼ਦੂਰਾਂ ਦੇ ਰੋਜ਼ਗਾਰ ਨੂੰ ਵੀ ਲੱਤ ਵੱਜੇਗੀ ਅਤੇ ਕਿਸਾਨਾਂ ਨੂੰ ਵੀ ਖੇਤੀ ਸੰਦ ਬਹੁਤ ਹੀ ਮਹਿੰਗੇ ਭਾਅ 'ਤੇ ਮਿਲਣਗੇ।


Related News