ਪੁਰਾਤਨ ਖਾਲਸਈ ਪ੍ਰੰਪਰਾ ਨਾਲ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਿਆਈ ਦਿਵਸ

11/4/2024 11:20:22 AM

ਨਾਂਦੇੜ : ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਰੌਣਕਾਂ ਲੱਗੀਆਂ। ਗੁਰੂ ਜੀ ਦੇ ਸਿੰਘਾਂ ਨੇ ਜੈਕਾਰਿਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁਰਾਤਨ ਮਰਿਆਦਾ ਅਨੁਸਾਰ ਤਿਲਕ ਲਗਾਇਆ ਗਿਆ। ਇਸ ਮੌਕੇ ਫੁੱਲਾਂ ਦੀ ਵਰਖਾ ਹੇਠ ਗੁਰਦੁਆਰਾ ਨਗੀਨਾ ਘਾਟ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ, ਜਿਸ ਦੀ ਸੰਪੂਰਨਤਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪਹੁੰਚ ਕੇ ਹੋਈ। ਇੱਥੇ ਸਿੰਘ ਸਾਹਿਬਾਨ ਨੇ ਪੁਰਾਤਨ ਖਾਲਸਈ ਪ੍ਰੰਪਰਾ ਅਨੁਸਾਰ ਤਿਲਕ ਲਗਾ ਕੇ ਆਰਤੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੀ ਰਸਮ ਸੰਪੰਨ ਕੀਤੀ, ਜਿਸ ਉਪਰੰਤ ਹੁਕਮਨਾਮਾ ਲਿਆ ਗਿਆ।

ਇਸ ਮੌਕੇ ਭਾਈ ਪਰਮਵੀਰ ਸਿੰਘ ਨੇ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਪੰਥ ’ਚ ਚੱਲੀ ਆ ਰਹੀ ਦੇਹਧਾਰੀ ਗੁਰੂ ਦੀ ਪ੍ਰੰਪਰਾ ਨੂੰ ਖ਼ਤਮ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ ਸੀ ਅਤੇ ਸੰਗਤਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਮੰਨਣਾ ਹੈ। ਗੁਰ ਇਤਿਹਾਸ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਦਸਮ ਪਾਤਸ਼ਾਹ ਜੀ ਨੇ ਗੋਦਾਵਰੀ ਦੇ ਕੰਢੇ, ਜਿੱਥੇ ਅੱਜ-ਕੱਲ ਗੁਰਦੁਆਰਾ ਨਗੀਨਾ ਘਾਟ ਸਾਹਿਬ ਮੌਜੂਦ ਹੈ, ਉਸ ਪਾਵਨ ਅਸਥਾਨ ਤੋਂ ਸੰਸਾਰ ਦਾ ਸਭ ਤੋਂ ਦੁਰਲੱਭ ਤੀਰ (ਖੱਪਰਾ ਤੀਰ) ਚਲਾ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲਾ ਅਸਥਾਨ ਪ੍ਰਗਟ ਕੀਤਾ ਸੀ। ਫਿਰ ਦੂਜ ਵਾਲੇ ਦਿਨ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੋਦਾਵਰੀ ਦੇ ਕੰਢੇ ਨਗੀਨਾ ਘਾਟ ਤੋਂ ਚੱਲ ਕੇ ਇਸ ਅਸਥਾਨ ’ਤੇ ਪੁੱਜਣ ਦਾ ਹੁਕਮ ਕੀਤਾ।

ਇਸ ਅਸਥਾਨ ’ਤੇ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਗੁਰੂ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ 5 ਪੈਸੇ, ਨਾਰੀਅਲ ਰੱਖ ਕੇ, ਚੰਦਨ ਦਾ ਤਿਲਕ ਲਾ ਕੇ ਮੱਥਾ ਟੇਕਿਆ। ਇਹ ਮਰਿਆਦਾ ਅੱਜ ਵੀ ਇਸੇ ਤਰ੍ਹਾਂ ਚੱਲੀ ਆ ਰਹੀ ਹੈ। ਗੁਰਦੁਆਰਾ ਨਗੀਨਾ ਘਾਟ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਹੇਠ ਮਹਾਨ ਨਗਰ ਕੀਰਤਨ ਆਰੰਭ ਹੋਇਆ, ਜਿਸ ’ਚ ਗੁਰੂ ਮਹਾਰਾਜ ਦੇ ਘੋੜੇ, ਨਿਸ਼ਾਨਚੀ ਸਿੰਘ, ਗੱਤਕਾ ਪਾਰਟੀਆਂ, ਕੀਰਤਨੀ ਜੱਥੇ ਤੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸੰਗਤਾਂ ਸ਼ਾਮਲ ਹੋਈਆਂ। ਨਗਰ ਕੀਰਤਨ ਤਖ਼ਤ ਸੱਚਖੰਡ ਸਾਹਿਬ ਵਿਖੇ ਪੁੱਜਣ ਉਪਰੰਤ ਪੁਰਾਤਨ ਚੱਲੀ ਆ ਰਹੀ ਮਰਿਆਦਾ ਅਨੁਸਾਰ ਗੁਰਤਾਗੱਦੀ ਦੀ ਰਸਮ ਪੰਜ ਪਿਆਰੇ ਸਾਹਿਬਾਨ ਵੱਲੋਂ ਕੀਤੀ ਗਈ। ਇਸ ਮੌਕੇ ਜੱਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ।

ਡਾ. ਵਿਜੇ ਸਤਬੀਰ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਨੇ ਕਿਹਾ ਕਿ ਕੱਤਕ ਸੁਦੀ ਦੂਜ ਸੰਨ 1708 ਈਸਵੀ ਨੂੰ ਅੱਜ ਦੇ ਦਿਨ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀਂ ਗੁਰਤਾਗੱਦੀ ਅਰਪਨ ਕਰ ਕੇ ਹੁਕਮ ਕੀਤਾ, ‘‘ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।’’ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਸਿੱਖਾਂ ਦੇ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਗੁਰੂ ਹਨ ਤੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਹਨ। ਗੁਰਤਾਗੱਦੀ ਦੇ ਇਤਿਹਾਸਕ ਦਿਹਾੜੇ ਨੂੰ ਸਮਰਪਿਤ 3 ਨਵੰਬਰ ਤੋਂ 7 ਨਵੰਬਰ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਹੋ ਰਹੇ ਹਨ, ਜਿਸ ’ਚ ਪੰਥ ਪ੍ਰਸਿੱਧ ਰਾਗੀ ਜਥੇ, ਵਿਦਵਾਨ ਕਥਾਕਾਰ, ਸੰਤ ਮਹਾਪੁਰਸ਼ ਉਚੇਚੇ ਤੌਰ ’ਤੇ ਪਹੁੰਚ ਰਹੇ ਹਨ। ਡਾ. ਵਿਜੇ ਸਤਬੀਰ ਸਿੰਘ ਅਤੇ ਜਸਵੰਤ ਸਿੰਘ ਬੇਬੀ ਨੇ ਗੁਰਤਾਗੱਦੀ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ।


Babita

Content Editor Babita