ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਦਿੱਤੀ ਵਧਾਈ
Friday, Nov 15, 2024 - 02:32 PM (IST)
ਬਠਿੰਡਾ/ਅੰਮ੍ਰਿਤਸਰ (ਵੈੱਬ ਡੈਸਕ): ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਮੂਹ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਵਕਤ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਉਸ ਵਕਤ ਸਮਾਜ ਵਿਚ ਅੰਧਕਾਰ ਫ਼ੈਲਿਆ ਹੋਇਆ ਸੀ। ਅਗਿਆਨਤਾ ਦੀ ਧੁੰਦ ਪਸਰੀ ਹੋਈ ਸੀ। ਜਿਵੇਂ ਸੂਰਜ ਦੀ ਤੇਜ਼ ਰੌਸ਼ਨੀ ਹਨੇਰੇ ਨੂੰ ਚੀਰ ਦਿੰਦੀ ਹੈ ਤੇ ਧੁੰਦ ਦੇ ਪਸਾਰੇ ਨੂੰ ਖ਼ਤਮ ਕਰ ਦਿੰਦੀ ਹੈ ਤੇ ਰੌਸ਼ਨੀ ਕਰਦੀ ਹੈ, ਉਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨੇ ਸਮਾਜ ਵਿਚ ਫ਼ੈਲੀ ਹੋਈ ਅਗਿਆਨਤਾ ਦੀ ਧੁੰਦ ਨੂੰ ਖ਼ਤਮ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਵਕਤ ਸਮਾਜ ਪੀੜਿਆ ਜਾ ਰਿਹਾ ਸੀ, ਸਮਾਜ ਲੁੱਟਿਆ ਜਾ ਰਿਹਾ ਸੀ, ਸਮਾਜ ਦੱਬਿਆ ਜਾ ਰਿਹਾ ਸੀ, ਸਮਾਜ ਦੇ ਅਧਿਕਾਰ ਖੋਹੇ ਜਾ ਰਹੇ ਸੀ, ਸਮਾਜ ਦੇ ਹੱਕਾਂ ਦੇ ਉੱਤੇ ਡਾਕੇ ਪੈ ਰਹੇ ਸੀ। ਰਾਜਨੀਤਕ, ਸਮਾਜਿਕ, ਆਰਥਿਕ ਤੇ ਧਾਰਮਿਕ ਤੌਰ 'ਤੇ ਸਮਾਜ ਇਕ ਪੀੜਾ ਦੇ ਵਿਚੋਂ ਗੁਜ਼ਰ ਰਿਹਾ ਸੀ। ਮਨੁੱਖਤਾ ਇਕ ਦਰਦ ਝੇਲ ਰਹੀ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਦੀ ਪੀੜ ਨੂੰ ਮਹਿਸੂਸ ਕੀਤਾ ਤੇ ਫ਼ਿਰ ਆਪਣੇ ਉਪਦੇਸ਼ਾਂ ਤੇ ਸਿੱਖਿਆਵਾਂ ਦੇ ਰਾਹੀਂ ਜਗ੍ਹਾ-ਜਗ੍ਹਾ ਜਾ ਕੇ ਮਨੁੱਖਤਾ ਦੇ ਦਰਦ ਨੂੰ ਖ਼ਤਮ ਕਰਨ ਵਾਸਤੇ ਮਹਾਨ ਉਪਦੇਸ਼ ਦਿੱਤੇ। ਜਿੱਥੇ ਉਨ੍ਹਾਂ ਨੇ ਸੰਸਾਰ ਦੇ ਰਾਜਸੀ ਲੋਕਾਂ ਨੂੰ ਵੰਗਾਰਦਿਆਂ ਕਿਹਾ ਕਿ ਤੁਸੀਂ ਸਮਾਜ ਦਾ ਲਹੂ ਪੀਂਦੇ ਹੋ, ਤੁਸੀਂ ਗਲਤ ਹੋ, ਉੱਥੇ ਹੀ ਉਸ ਵਕਤ ਦੇ ਧਾਰਮਿਕ ਆਗੂਆਂ ਨੂੰ ਵੀ ਆਪਣੇ ਉਪਦੇਸ਼ਾਂ ਰਾਹੀ ਸਿੱਖਿਆ ਦਿੱਤੀ। ਉਸ ਵਕਤ ਦੇ ਧਾਰਮਿਕ ਆਗੂ ਸਮਾਜ ਦੀ ਪੀੜਾ ਨੂੰ ਵੇਖਕੇ ਅੱਖਾਂ ਮੀਚ ਰਹੇ ਸੀ, ਉਨ੍ਹਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖਿਅਤ ਕੀਤਾ। ਮਲਕ ਭਾਗੋ ਵਰਗੇ ਵੱਡੇ-ਵੱਡੇ ਸਰਮਾਏਦਾਰ ਤੇ ਪੂੰਜੀਪਤੀ ਸਮਾਜ ਦਾ ਸ਼ੋਸ਼ਣ ਕਰ ਰਹੇ ਸੀ ਤੇ ਮਾਨਵਤਾ ਨੂੰ ਲੁੱਟ ਰਹੇ ਸੀ, ਉਨ੍ਹਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਨੇ ਸਿੱਧੇ ਰਾਹੇ ਪਾਇਆ।
ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਸਮਾਜ ਵਿਚ ਬੁਰੀਆਂ ਅਲਾਮਤਾਂ, ਜਾਤਿ-ਪਾਤਿ ਦਾ ਵਿਤਕਰਾ, ਭੇਦ-ਭਾਵ, ਵੰਡੀਆਂ, ਊਚ-ਨੀਚ, ਛੂਤ-ਛਾਤ, ਇਹ ਸਭ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਮਨਜ਼ੂਰ ਨਹੀਂ ਸੀ। ਉਨ੍ਹਾਂ ਨੇ ਇਨ੍ਹਾਂ ਨੂੰ ਪੂਰੇ ਜ਼ੋਰਦਾਰ ਇਨਕਲਾਬੀ ਸ਼ਬਦਾਂ ਵਿਚ ਨਕਾਰਿਆ। ਉਨ੍ਹਾਂ ਨੇ ਧਰਮ ਦੇ ਨਾਂ 'ਤੇ ਕੀਤੇ ਜਾ ਰਹੇ ਪਾਖੰਡ ਨੂੰ ਆਪਣੀ ਸਿੱਖਿਆ ਰਾਹੀਂ ਖ਼ਤਮ ਕਰਨ ਦਾ ਮਹਾਨ ਉਪਰਾਲਾ ਕੀਤਾ। ਅਜਿਹੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਹਾਂ। ਆਓ ਰਲ਼ ਮਿਲ ਕੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੇ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦੇ ਵਿਚ ਧਾਰਨ ਦਾ ਯਤਨ ਕਰੀਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8