ਲੁਧਿਆਣਾ: ਗੁਪਤ ਅੰਗ ’ਚ ਇੰਜੈਕਸ਼ਨ ਲਾਉਂਦੇ ਨੌਜਵਾਨ ਦੀ ਵੀਡੀਓ ਆਈ ਸਾਹਮਣੇ

Tuesday, Sep 29, 2026 - 03:37 PM (IST)

ਲੁਧਿਆਣਾ: ਗੁਪਤ ਅੰਗ ’ਚ ਇੰਜੈਕਸ਼ਨ ਲਾਉਂਦੇ ਨੌਜਵਾਨ ਦੀ ਵੀਡੀਓ ਆਈ ਸਾਹਮਣੇ

ਲੁਧਿਆਣਾ (ਰਾਜ)- ਡਵੀਜ਼ਨ ਨੰ. 3 ਦੇ ਅਧੀਨ ਗਊਸ਼ਾਲਾ ਰੋਡ ’ਤੇ ਖ਼ੁੱਲ੍ਹੇਆਮ ਨਸ਼ੇ ਦੇ ਇੰਜੈਕਸ਼ਨ ਲਾਉਣ ਅਤੇ ਨਸ਼ੇੜੀਆਂ ਦੇ ਬੇਸੁੱਧ ਹੋ ਕੇ ਘੁੰਮਣ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ। ਪਹਿਲਾਂ ਇਕ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਪੁਲਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਕਾਰਨ ਅਗਲੇ ਹੀ ਦਿਨ ਉਸੇ ਖਾਲੀ ਪਲਾਟ ਵਿਚ ਇਕ ਹੋਰ ਨੌਜਵਾਨ ਆਪਣੇ ਪ੍ਰਾਈਵੇਟ ਪਾਰਟ ਵਿਚ ਨਸ਼ੇ ਦਾ ਇੰਜੈਕਸ਼ਨ ਲਾਉਂਦਾ ਕੈਮਰੇ ਵਿਚ ਕੈਦ ਹੋ ਗਿਆ।

ਸਥਾਨਕ ਲੋਕਾਂ ਅਨੁਸਾਰ ਚੋਪੜਾ ਸਕੂਟਰ ਵਾਲੀ ਗਲੀ ਦੇ ਇਕ ਖਾਲੀ ਪਲਾਟ ਵਿਚ ਪੁਲਸ ਨੇ ਖ਼ਬਰਾਂ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਗਸ਼ਤ ਕਰਨੀ ਮੁਨਾਸਿਬ ਨਹੀਂ ਸਮਝੀ। ਇਸੇ ਦਾ ਫ਼ਾਇਦਾ ਚੁੱਕਦਿਆਂ ਸੋਮਵਾਰ ਨੂੰ ਫਿਰ ਇਕ ਨੌਜਵਾਨ ਝਾੜੀਆਂ ਵਾਲੇ ਪਲਾਟ ਵਿਚ ਦਾਖ਼ਲ ਹੋਇਆ ਅਤੇ ਬਿਨਾਂ ਕਿਸੇ ਡਰ ਦੇ ਖੜ੍ਹੇ-ਖੜ੍ਹੇ ਆਪਣੇ ਗੁਪਤ ਅੰਗ ਵਿਚ ਇੰਜੈਕਸ਼ਨ ਲਗਾ ਲਿਆ। ਛੱਤ ’ਤੇ ਮੌਜੂਦ ਲੋਕਾਂ ਨੇ ਇਸ ਖ਼ੌਫ਼ਨਾਕ ਮੰਜ਼ਰ ਨੂੰ ਕੈਮਰੇ ਵਿਚ ਰਿਕਾਰਡ ਕਰ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ, ਜਿਸ ਨਾਲ ਇਲਾਕੇ ਵਿਚ ਗੁੱਸੇ ਦੀ ਲਹਿਰ ਹੈ।

ਗਲੀ ਵਿਚ ‘ਜੌਂਬੀ’ ਨਸ਼ੇੜੀ ਦੀ ਵੀਡੀਓ ਵਾਇਰਲ

ਇਸੇ ਇਲਾਕੇ ਤੋਂ ਸਾਹਮਣੇ ਆਈ ਇਕ ਹੋਰ ਵੀਡੀਓ ਹੋਰ ਵੀ ਚਿੰਤਾਜਨਕ ਹੈ, ਜਿਸ ਵਿਚ ਇਕ ਨੌਜਵਾਨ ਕਿਸੇ ਖ਼ਤਰਨਾਕ ਸਿੰਥੈਟਿਕ ਜਾਂ ‘ਜੌਂਬੀ’ ਨਸ਼ੇ ਦੀ ਗ੍ਰਿਫ਼ਤ ਵਿਚ ਆ ਕੇ ਗਲੀ ਦੇ ਵਿਚਕਾਰ ਪੂਰੀ ਤਰ੍ਹਾਂ ਲੜਖੜਾਉਂਦਾ ਅਤੇ ਬੇਸੁੱਧ ਹਾਲਤ ਵਿਚ ਝੂਲਦਾ ਨਜ਼ਰ ਆ ਰਿਹਾ ਹੈ। ਉਸ ਦਾ ਆਪਣੇ ਸਰੀਰ ਅਤੇ ਦਿਮਾਗ ’ਤੇ ਕੋਈ ਸੰਤੁਲਨ ਨਹੀਂ ਸੀ ਅਤੇ ਉਹ ਇਕ ਜ਼ਿੰਦਾ ਲਾਸ਼ ਵਾਂਗ ਝੁਕ ਰਿਹਾ ਸੀ। ਇਨ੍ਹਾਂ ਲਗਾਤਾਰ ਵਾਇਰਲ ਹੋ ਰਹੀਆਂ ਵੀਡੀਓਜ਼ ਨੇ ਸ਼ਹਿਰ ਵਾਸੀਆਂ ਨੂੰ ਦਹਿਸ਼ਤ ਵਿਚ ਪਾ ਦਿੱਤਾ ਹੈ।

ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਵੀ ਇਸੇ ਖਾਲੀ ਪਲਾਟ ਵਿਚ ਇਕ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਇਸ ਨੂੰ ਸੀਲ ਕਰਨ ਜਾਂ ਨਿਯਮਤ ਪੁਲਸ ਗਸ਼ਤ ਲਗਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।

ਪੁਲਸ ਕਮਿਸ਼ਨਰ ਤੋਂ ਸਖ਼ਤ ਕਾਰਵਾਈ ਦੀ ਮੰਗ

ਸਥਾਨਕ ਦੁਕਾਨਦਾਰਾਂ ਅਤੇ ਨਿਵਾਸੀਆਂ ਨੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਤੋਂ ਮਾਮਲੇ ਵਿਚ ਤੁਰੰਤ ਨਿੱਜੀ ਦਖ਼ਲ ਦੇਣ ਦੀ ਮੰਗ ਕੀਤੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਇਲਾਕੇ ਵਿਚ ਵਿਸ਼ੇਸ਼ ਸਰਚ ਮੁਹਿੰਮ ਚਲਾ ਕੇ ਅਜਿਹੇ ਖਾਲੀ ਪਲਾਟਾਂ ਨੂੰ ਸੀਲ ਕੀਤਾ ਜਾਵੇ, ਸ਼ਰੇਆਮ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿਚ ਭੇਜਿਆ ਜਾਵੇ ਅਤੇ ਨਸ਼ੇ ਦੀ ਸਪਲਾਈ ਕਰਨ ਵਾਲੇ ਮੁੱਖ ਸਮੱਗਲਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਧੱਕਿਆ ਜਾਵੇ।


author

Anmol Tagra

Content Editor

Related News