ਪੁਲਸ ਕਮਿਸ਼ਨਰ ਦਫ਼ਤਰ ’ਚ ਭਾਰੀ ਸੁਰੱਖਿਆ ਦੌਰਾਨ ਪੁਲਸ ਨੂੰ ਝਕਾਨੀ ਦੇ ਕੇ ਫ਼ਰਾਰ ਹੋਇਆ ਮੁਲਜ਼ਮ

Tuesday, Sep 29, 2026 - 02:40 PM (IST)

ਪੁਲਸ ਕਮਿਸ਼ਨਰ ਦਫ਼ਤਰ ’ਚ ਭਾਰੀ ਸੁਰੱਖਿਆ ਦੌਰਾਨ ਪੁਲਸ ਨੂੰ ਝਕਾਨੀ ਦੇ ਕੇ ਫ਼ਰਾਰ ਹੋਇਆ ਮੁਲਜ਼ਮ

ਲੁਧਿਆਣਾ (ਰਾਜ)- ਸੁਰੱਖਿਆ ਦੇ ਸਭ ਤੋਂ ਮਜ਼ਬੂਤ ਅਤੇ ਸੁਰੱਖਿਅਤ ਮੰਨੇ ਜਾਂਦੇ ਪੁਲਸ ਕਮਿਸ਼ਨਰ ਦਫ਼ਤਰ ਕੰਪਲੈਕਸ ਤੋਂ ਪੁਲਸ ਹਿਰਾਸਤ ’ਚ ਲਿਆਂਦਾ ਗਿਆ ਇਕ ਮੁਲਜ਼ਮ ਪੁਲਸ ਕਰਮਚਾਰੀਆਂ ਦੀਆਂ ਅੱਖਾਂ ’ਚ ਘੱਟਾ ਪਾ ਕੇ ਫ਼ਰਾਰ ਹੋ ਗਿਆ। ਸੋਮਵਾਰ ਦੁਪਹਿਰ ਵਾਪਰੀ ਇਸ ਵਾਰਦਾਤ ਤੋਂ ਬਾਅਦ ਕਮਿਸ਼ਨਰ ਦਫ਼ਤਰ ਅਤੇ ਸਮੁੱਚੇ ਪੁਲਸ ਮਹਿਕਮੇ ਵਿਚ ਭਾਰੀ ਹੜਕੰਪ ਮਚ ਗਿਆ। ਫ਼ਰਾਰ ਹੋਏ ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ।

ਸੁਰੱਖਿਆ ਦੇ ਭਾਰੀ ਇੰਤਜ਼ਾਮਾਂ ਅਤੇ ਸੈਂਕੜੇ ਪੁਲਸ ਕਰਮਚਾਰੀਆਂ ਦੀ ਮੌਜੂਦਗੀ ਦੇ ਬਾਵਜੂਦ ਮੁਲਜ਼ਮ ਦੇ ਇਸ ਤਰ੍ਹਾਂ ਭੱਜ ਨਿਕਲਣ ਨਾਲ ਪੁਲਸ ਦੀ ਕਾਰਜਪ੍ਰਣਾਲੀ ਅਤੇ ਸੁਰੱਖਿਆ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਘਟਨਾ ਤੋਂ ਤੁਰੰਤ ਬਾਅਦ ਪੁਲਸ ਨੇ ਸ਼ਹਿਰ ਦੇ ਮੁੱਖ ਚੌਕਾਂ ਅਤੇ ਨਿਕਾਸ ਮਾਰਗਾਂ ’ਤੇ ਨਾਕਾਬੰਦੀ ਕਰ ਕੇ ਮੁਲਜ਼ਮ ਦੀ ਭਾਲ ’ਚ ਵਿਆਪਕ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਥਾਣਾ ਡੇਹਲੋਂ ਦੀ ਪੁਲਸ ਨੇ ਮੁਲਜ਼ਮ ਸੁਖਵਿੰਦਰ ਸਿੰਘ ਨੂੰ ਆਲਮਗੀਰ ਸਾਹਿਬ ਇਲਾਕੇ ਤੋਂ ਹਿਰਾਸਤ ਵਿਚ ਲਿਆ ਸੀ। ਉਸ ਖ਼ਿਲਾਫ਼ ਸ਼ਾਂਤੀ ਭੰਗ ਕਰਨ ਅਤੇ ਅਸਮਾਜਿਕ ਗਤੀਵਿਧੀਆਂ ਦੇ ਸ਼ੱਕ ਕਾਰਨ ਪੁਲਸ ਪ੍ਰਸ਼ਾਸਨ ਵਲੋਂ ਕਲੰਦਰਾ ਤਿਆਰ ਕੀਤਾ ਗਿਆ ਸੀ। ਇਸੇ ਕਾਨੂੰਨੀ ਪ੍ਰਕਿਰਿਆ ਅਤੇ ਪੇਸ਼ੀ ਦੀਆਂ ਕਾਗਜ਼ੀ ਰਸਮਾਂ ਪੂਰੀਆਂ ਕਰਨ ਲਈ ਸੋਮਵਾਰ ਦੁਪਹਿਰ ਡੇਹਲੋਂ ਪੁਲਸ ਦੀ ਟੀਮ ਮੁਲਜ਼ਮ ਸੁਖਵਿੰਦਰ ਸਿੰਘ ਨੂੰ ਸਰਕਾਰੀ ਵਾਹਨ ’ਚ ਲੈ ਕੇ ਪੁਲਸ ਕਮਿਸ਼ਨਰ ਦਫ਼ਤਰ ਪਹੁੰਚੀ ਸੀ।

ਮੌਕੇ ’ਤੇ ਮੌਜੂਦ ਲੋਕਾਂ ਅਤੇ ਸਰੋਤਾਂ ਅਨੁਸਾਰ ਸੀ. ਪੀ. ਦਫ਼ਤਰ ’ਚ ਮੁਲਜ਼ਮ ਦੀ ਪੇਸ਼ੀ ਨਾਲ ਜੁੜੀ ਕਾਨੂੰਨੀ ਅਤੇ ਕਾਗਜ਼ੀ ਕਾਰਵਾਈ ਚੱਲ ਰਹੀ ਸੀ। ਇਸੇ ਦੌਰਾਨ ਜਦੋਂ ਪੁਲਸ ਮੁਲਾਜ਼ਮ ਦਸਤਾਵੇਜ਼ਾਂ ਦੇ ਕੰਮ ’ਚ ਰੁੱਝੇ ਹੋਏ ਸਨ, ਤਾਂ ਸੁਖਵਿੰਦਰ ਸਿੰਘ ਨੇ ਮੌਕੇ ਦਾ ਫ਼ਾਇਦਾ ਚੁੱਕਿਆ ਅਤੇ ਹੌਲੀ ਜਿਹੇ ਪੁਲਸ ਕਰਮਚਾਰੀਆਂ ਦੀਆਂ ਨਜ਼ਰਾਂ ਤੋਂ ਬਚ ਕੇ ਦਫ਼ਤਰ ਦੇ ਪਿਛਲੇ ਹਿੱਸੇ ਵੱਲ ਖਿਸਕ ਗਿਆ।

ਸੋਮਵਾਰ ਦਾ ਦਿਨ ਹੋਣ ਕਾਰਨ ਸੀ. ਪੀ. ਦਫ਼ਤਰ ਕੰਪਲੈਕਸ ’ਚ ਆਪਣੀ ਫ਼ਰਿਆਦ ਲੈ ਕੇ ਪਹੁੰਚੇ ਆਮ ਲੋਕਾਂ ਦੀ ਕਾਫ਼ੀ ਭੀੜ ਮੌਜੂਦ ਸੀ। ਮੁਲਜ਼ਮ ਨੇ ਇਸੇ ਭੀੜ-ਭੜੱਕੇ ਦਾ ਸਹਾਰਾ ਲਿਆ ਅਤੇ ਤੇਜ਼ੀ ਨਾਲ ਮੁੱਖ ਸੜਕ ਵੱਲ ਭੱਜ ਨਿਕਲਿਆ। ਜਿਉਂ ਹੀ ਪੁਲਸ ਕਰਮਚਾਰੀਆਂ ਨੂੰ ਅਹਿਸਾਸ ਹੋਇਆ ਕਿ ਮੁਲਜ਼ਮ ਹਿਰਾਸਤ ’ਚੋਂ ਗਾਇਬ ਹੋ ਚੁੱਕਾ ਹੈ, ਕੰਪਲੈਕਸ ’ਚ ਹਫੜਾ-ਹਫ਼ੜੀ ਮੱਚ ਗਈ।

ਮੁਲਾਜ਼ਮਾਂ ਨੇ ਤੁਰੰਤ ਰੌਲਾ ਪਾਉਂਦਿਆਂ ਮੁਲਜ਼ਮ ਦੇ ਪਿੱਛੇ ਦੌੜ ਲਗਾਈ ਅਤੇ ਉਸ ਨੂੰ ਦਬੋਚਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸ਼ਾਤਰ ਸੁਖਵਿੰਦਰ ਸਿੰਘ ਤੰਗ ਰਸਤਿਆਂ ਅਤੇ ਸੜਕ ’ਤੇ ਟ੍ਰੈਫ਼ਿਕ ਦਾ ਫ਼ਾਇਦਾ ਚੁੱਕ ਕੇ ਪੁਲਸ ਨੂੰ ਝਕਾਨੀ ਦੇਣ ’ਚ ਕਾਮਯਾਬ ਰਿਹਾ। ਦਿਨ-ਦਿਹਾੜੇ ਸੀ. ਪੀ. ਦਫ਼ਤਰ ਤੋਂ ਮੁਲਜ਼ਮ ਦੇ ਫ਼ਰਾਰ ਹੋਣ ਦੀ ਖ਼ਬਰ ਮਿਲਦਿਆਂ ਹੀ ਪੁਲਸ ਕੰਟਰੋਲ ਰੂਮ ਨੇ ਤੁਰੰਤ ਅਲਰਟ ਜਾਰੀ ਕੀਤਾ ਅਤੇ ਸਾਰੇ ਥਾਣਿਆਂ ’ਤੇ ਪੀ. ਸੀ. ਆਰ. ਦਸਤਿਆਂ ਨੂੰ ਚੌਕਸ ਕਰ ਦਿੱਤਾ।

ਕੋਤਾਹੀ ਵਰਤਣ ਵਾਲਿਆਂ ’ਤੇ ਹੋਵੇਗੀ ਕਾਰਵਾਈ : ਥਾਣਾ ਮੁਖੀ

ਉਧਰ, ਥਾਣਾ ਡੇਹਲੋਂ ਦੇ ਮੁਖੀ ਨੇ ਦੱਸਿਆ ਕਿ ਉਹ ਫਿਲਹਾਲ ਕਿਸੇ ਜ਼ਰੂਰੀ ਡਿਊਟੀ ਕਾਰਨ ਬਾਹਰ ਹਨ ਅਤੇ ਪੂਰੇ ਮਾਮਲੇ ਦੀ ਵਿਸਥਾਰਤ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ ਸਮੁੱਚੇ ਤੱਥਾਂ ਅਤੇ ਹਾਲਾਤਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਲਾਪ੍ਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਦੀ ਭੂਮਿਕਾ ਦੀ ਸਮੀਖਿਆ ਦੇ ਨਾਲ-ਨਾਲ ਫ਼ਰਾਰ ਮੁਲਜ਼ਮ ਖ਼ਿਲਾਫ਼ ਹਿਰਾਸਤ ’ਚੋਂ ਭੱਜਣ ਦਾ ਨਵਾਂ ਅਪਰਾਧਿਕ ਮਾਮਲਾ ਦਰਜ ਕਰ ਕੇ ਉਸ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।


author

Anmol Tagra

Content Editor

Related News