ਪੰਚਕੂਲਾ ਕੋਰਟ ''ਚ ਪੇਸ਼ ਹੋਈ ਹਨੀਪ੍ਰੀਤ, 3 ਦਿਨਾਂ ਦੇ ਹੋਰ ਪੁਲਸ ਰਿਮਾਂਡ ''ਤੇ ਭੇਜਿਆ

Wednesday, Oct 11, 2017 - 10:28 AM (IST)

ਪੰਚਕੂਲਾ (ਚੰਦਨ) - ਮੰਗਲਵਾਰ ਨੂੰ ਪੁਲਸ ਨੇ ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ 6 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਕੋਰਟ 'ਚ ਪੇਸ਼ ਕੀਤਾ, ਜਿਥੋਂ ਕੋਰਟ ਨੇ ਮਾਮਲੇ 'ਚ ਸੁਣਵਾਈ ਮਗਰੋਂ ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ ਮੁੜ 3 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਸ ਨੇ ਕੋਰਟ ਤੋਂ 9 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਪੁਲਸ ਨੂੰ 3 ਦਿਨ ਦਾ ਹੀ ਰਿਮਾਂਡ ਮਿਲਿਆ ਹੈ। ਪੁਲਸ ਰਿਮਾਂਡ ਦੌਰਾਨ ਹਨੀਪ੍ਰੀਤ ਤੋਂ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਜਤਾ ਰਹੀ ਹੈ।
ਸਰਕਾਰੀ ਵਕੀਲ ਪੰਕਜ ਗਰਗ ਨੇ ਕੋਰਟ 'ਚ ਦਲੀਲ ਦਿੰਦੇ ਹੋਏ ਕਿਹਾ ਕਿ ਹਨੀਪ੍ਰੀਤ ਵਲੋਂ ਹਾਲੇ ਤਕ ਜਾਂਚ ਵਿਚ ਖਾਸ ਸਹਿਯੋਗ ਨਹੀਂ ਕੀਤਾ ਗਿਆ ਹੈ। 
ਪੁਲਸ ਨੇ ਅਦਾਲਤ ਨੂੰ ਕਿਹਾ ਕਿ ਹਨੀਪ੍ਰੀਤ ਤੋਂ ਪੁੱਛਗਿਛ ਦੌਰਾਨ ਉਸ ਦਾ ਮੋਬਾਇਲ ਫੋਨ, ਲੈਪਟਾਪ ਬਰਾਮਦ ਕਰਨਾ ਹੈ ਤੇ ਨਾਲ ਹੀ ਆਦਿਤਿਆ ਇੰਸਾਂ, ਪਵਨ ਇੰਸਾਂ ਅਤੇ ਹੋਰਨਾਂ ਦੀ ਗ੍ਰਿਫਤਾਰੀ ਕਰਨੀ ਹੈ, ਇਸ ਲਈ ਸਾਨੂੰ ਹਨੀਪ੍ਰੀਤ ਦਾ 9 ਦਿਨ ਦਾ ਰਿਮਾਂਡ ਚਾਹੀਦਾ। ਪੁਲਸ ਨੇ ਕਿਹਾ ਕਿ ਰਿਮਾਂਡ ਦੌਰਾਨ ਹਨੀਪ੍ਰੀਤ ਨੂੰ ਕੁਝ ਥਾਵਾਂ 'ਤੇ ਲੈ ਕੇ ਜਾਣਾ ਹੈ, ਜਿਥੋਂ ਕੁਝ ਸਾਮਾਨ ਰਿਕਵਰ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਹਨੀਪ੍ਰੀਤ ਨੂੰ ਸ਼ਰਨ ਦਿੱਤੀ ਹੈ, ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰਨਾ ਹੈ।  
ਇਨ੍ਹਾਂ 6 ਦਿਨਾਂ 'ਚ ਪੁਲਸ ਹਨੀਪ੍ਰੀਤ ਤੋਂ ਕੁਝ ਵੀ ਹਾਸਲ ਨਹੀਂ ਕਰ ਸਕੀ ਹੈ ਅਤੇ ਨਾ ਹੀ ਕੋਈ ਅਜਿਹੀ ਜਾਣਕਾਰੀ ਪੁਲਸ ਕੋਲ ਹੈ ਕਿ ਦੋਸ਼ੀ ਆਦਿਤਿਆ, ਪਵਨ ਅਤੇ ਹੋਰ ਹਨੀਪ੍ਰੀਤ ਦੇ ਸੰਪਰਕ 'ਚ ਸਨ। 
ਅਜਿਹੇ 'ਚ ਹਨੀਪ੍ਰੀਤ ਦਾ ਰਿਮਾਂਡ ਨਹੀਂ ਵਧਾਇਆ ਜਾਣਾ ਚਾਹੀਦਾ ਪਰ ਪੁਲਸ ਵਲੋਂ ਕਿਹਾ ਗਿਆ ਕਿ ਸਾਨੂੰ ਉਮੀਦ ਹੈ ਕਿ ਹਨੀਪ੍ਰੀਤ ਪੁਲਸ ਨਾਲ ਸਹਿਯੋਗ ਕਰੇਗੀ, ਇਸ ਲਈ ਉਸ ਦਾ ਰਿਮਾਂਡ ਲੈਣਾ ਬਹੁਤ ਜ਼ਰੂਰੀ ਹੈ। ਕੋਰਟ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਹਨੀਪ੍ਰੀਤ ਨੂੰ 3 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ।
ਡੇਰੇ ਦੇ ਸਾਬਕਾ ਡਰਾਈਵਰ ਰਾਕੇਸ਼ ਨੂੰ ਵੀ ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ 'ਚ 
ਅਦਾਲਤ ਨੇ ਡੇਰੇ ਦੇ ਸਾਬਕਾ ਡਰਾਈਵਰ ਰਾਕੇਸ਼ ਨੂੰ ਵੀ ਉਸਦਾ ਰਿਮਾਂਡ ਖਤਮ ਹੋਣ ਮਗਰੋਂ ਅੱਜ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਪੁਲਸ ਨੇ ਹਨੀਪ੍ਰੀਤ ਦਾ ਰਿਮਾਂਡ ਅੱਜ ਖਤਮ ਹੋਣ ਤੋਂ ਪਹਿਲਾਂ ਉਸਨੂੰ ਅਤੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਕੋਲੋਂ ਆਹਮੋ-ਸਾਹਮਣੇ ਪੁੱਛਗਿੱਛ ਦੀ ਯੋਜਨਾ ਬਣਾਈ ਸੀ ਪਰ ਉਹ ਸਿਹਤ ਠੀਕ ਨਾ ਹੋਣ ਦੇ ਕਾਰਨਾਂ ਦਾ ਹਵਾਲਾ ਦੇ ਕੇ ਪੰਚਕੂਲਾ ਨਹੀਂ ਪੁੱਜੀ। ਹੁਣ ਹਨੀਪ੍ਰੀਤ ਦਾ ਮੁੜ ਰਿਮਾਂਡ ਹਾਸਲ ਕਰਨ ਮਗਰੋਂ ਪੁਲਸ  ਵਿਪਾਸਨਾ ਨੂੰ ਫਿਰ ਸੱਦੇਗੀ।


Related News