ਪਤੀ ਨਾਲ ਝਗੜਾ ਕਰਕੇ ਪਤਨੀ ਗਈ ਪੇਕੇ, ਪਿੱਛੋਂ ਪਤੀ ਨੇ ਸਾੜ ਦਿੱਤਾ ਘਰ
Wednesday, Apr 04, 2018 - 04:27 PM (IST)

ਜਲੰਧਰ— ਇਥੋਂ ਦੇ ਥਾਣਾ ਨੰਬਰ ਇਕ ਦੇ ਅਧੀਨ ਆਉਂਦੇ ਗਾਂਧੀ ਕੈਂਪ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਪਤਨੀ ਦੇ ਘਰੋਂ ਲੜ ਕੇ ਪੇਕੇ ਜਾਣ ਦੇ ਬਾਅਦ ਗੁੱਸੇ 'ਚ ਆ ਕੇ ਆਪਣੇ ਹੀ ਘਰ 'ਚ ਅੱਗ ਲਗਾ ਦਿੱਤੀ। ਨੇੜੇ ਦੇ ਲੋਕਾਂ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਹੀ ਦੋਹਾਂ ਨੇ ਲਵ ਮੈਰਿਜ ਕੀਤੀ ਸੀ। ਪਿਛਲੇ ਚਾਰ ਦਿਨਾਂ ਤੋਂ ਪਤਨੀ ਪੇਕੇ ਘਰ ਰਹਿ ਰਹੀ ਸੀ। ਘਰ ਦੇ ਹੇਠਾਂ ਹੀ ਉਕਤ ਵਿਅਕਤੀ ਦੀ ਦੁਕਾਨ ਹੈ। ਲੋਕਾਂ ਨੇ ਘਰ 'ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਸਾਰੇ ਡਰ ਗਏ ਕਿ ਕਿਤੇ ਸਿਲੰਡਰ ਆਦਿ 'ਚ ਕੋਈ ਧਮਾਕਾ ਨਾ ਹੋਇਆ ਹੋਵੇ ਪਰ ਕਿਸੇ ਨੇ ਘਰ ਦੇ ਅੰਦਰ ਚਲੇ ਜਾਣ ਦੀ ਹਿੰਮਤ ਨਾ ਦਿਖਾਈ ਅਤੇ ਬਾਅਦ 'ਚ ਅੱਗ ਬੁੱਝ ਗਈ। ਇਸ ਮਾਮਲੇ ਦੀ ਦੇਰ ਸ਼ਾਮ ਤੱਕ ਪੁਲਸ ਨੂੰ ਕੋਈ ਖਬਰ ਨਹੀਂ ਸੀ। ਪੁਲਸ ਅਫਸਰਾਂ ਦਾ ਕਹਿਣਾ ਹੈ ਕਿ ਕਿਸੇ ਨੇ ਸੂਚਿਤ ਨਹੀਂ ਕੀਤਾ।
ਐੱਸ. ਐੱਚ. ਓ. ਅਸ਼ਵਨੀ ਗੋਤਿਆਲ ਨੇ ਕਿਹਾ ਕਿ ਬੁੱਧਵਾਰ ਸਵੇਰੇ 11.30 ਵਜੇ ਹੋਈ ਇਸ ਘਟਨਾ ਬਾਰੇ ਸ਼ਾਮ 7 ਵਜੇ ਤੱਕ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਮਿਲੀ ਸੀ ਅਤੇ ਬਾਅਦ 'ਚ ਇਸ ਘਟਨਾ ਬਾਰੇ ਪਤਾ ਲੱਗਾ। ਗਾਂਧੀ ਕੈਂਪ 'ਚ ਰਹਿੰਦੇ ਜੋੜੇ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਫਿਰ ਪਤਨੀ ਗੁੱਸੇ 'ਚ ਪੇਕੇ ਘਰ ਚਲੀ ਗਈ। ਇਸ ਦੌਰਾਨ ਨਾਰਾਜ਼ ਪਤੀ ਨੇ ਪਹਿਲਾਂ ਫਰਿੱਜ ਨੂੰ ਅੱਗ ਲਗਾਈ ਅਤੇ ਬਾਅਦ 'ਚ ਬਾਕਸ ਬੈੱਡ 'ਚੋਂ ਕੱਬਲ ਸਮੇਤ ਹੋਰ ਸਾਮਾਨ ਕੱਢ ਕੇ ਸਾੜ ਦਿੱਤਾ। ਐੱਸ. ਐੱਚ. ਓ. ਨੇ ਕਿਹਾ ਕਿ ਉਨ੍ਹਾਂ ਦੇ ਸਟਾਫ ਨੂੰ ਵੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ। ਇਸ ਬਾਰੇ ਉਨ੍ਹਾਂ ਦੇ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ।