ਆਪਣੇ ਖੂਨ ਨਾਲ ਲਿਖ ਦਿੱਤੇ ਪਵਿੱਤਰ ਗ੍ਰੰਥ ਗੀਤਾ ਤੇ ਕੁਰਾਨ

Wednesday, Sep 13, 2017 - 07:33 AM (IST)

ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)- ਰੋਹਤਕ (ਹਰਿਆਣਾ) ਦੇ ਪਿੰਡ ਨਿਦਾਨਾ ਦੇ ਨਿਵਾਸੀ ਪੰਡਿਤ ਕਰਮਵੀਰ ਕੌਸ਼ਿਕ ਦੀ ਪ੍ਰਮਾਤਮਾ ਪ੍ਰਤੀ ਸ਼ਰਧਾ ਹੈ ਜਾਂ ਜਨੂੰਨ ਕਿ ਉਸਨੇ ਆਪਣੇ ਖੂਨ ਨਾਲ ਮਨੁੱਖਤਾ ਨੂੰ ਸੇਧ ਦੇਣ ਵਾਲੇ ਪਵਿੱਤਰ ਗ੍ਰੰਥ ਗੀਤਾ ਤੇ ਕੁਰਾਨ ਲਿਖ ਕੇ ਨਵਾਂ ਇਤਿਹਾਸ ਸਿਰਜਿਆ ਹੈ। 
ਮਾਛੀਵਾੜਾ ਦੀ ਇਤਿਹਾਸਕ ਧਰਤੀ 'ਤੇ ਪਾਂਡਵਾਂ ਵਲੋਂ ਸਥਾਪਿਤ ਕੀਤੇ ਗਏ ਸ਼ਿਵਲਿੰਗ ਤੇ ਰੋਜ਼ਾਨਾ ਢਾਈ ਪਲ ਲਈ ਆਉਂਦੀ ਗੰਗਾ ਮਾਤਾ ਦੇ ਦਰਸ਼ਨ ਕਰਨ ਲਈ ਸਥਾਨਕ ਇਤਿਹਾਸਕ ਤੇ ਪੁਰਾਤਨ ਸ਼੍ਰੀ ਸ਼ਿਵਾਲਾ ਬ੍ਰਹਮਚਾਰੀ ਮੰਦਰ ਦੇ ਦਰਸ਼ਨ ਕਰਨ ਪੁੱਜੇ ਪੰਡਿਤ ਕਰਮਵੀਰ ਕੌਸ਼ਿਕ ਨੇ ਦਾਅਵਾ ਕੀਤਾ ਕਿ ਉਸਨੇ 186 ਪੰਨਿਆਂ ਦੇ ਗ੍ਰੰਥ ਗੀਤਾ ਤੇ 369 ਪੰਨਿਆਂ ਦੇ ਗ੍ਰੰਥ ਕੁਰਾਨ ਨੂੰ ਆਪਣੇ ਖੂਨ ਨਾਲ ਲਿਖਿਆ। 
ਗੱਲਬਾਤ ਕਰਦਿਆਂ ਕੌਸ਼ਿਕ ਨੇ ਦੱਸਿਆ ਕਿ ਪੇਸ਼ੇ ਤੋਂ ਬੇਸ਼ੱਕ ਉਹ ਜੋਤਿਸ਼ੀ ਹੈ ਪਰ ਗ੍ਰੈਜੂਏਸ਼ਨ ਦੌਰਾਨ ਉਸ ਵਿਚ ਪਵਿੱਤਰ ਗ੍ਰੰਥ ਗੀਤਾ ਪ੍ਰਤੀ ਸ਼ਰਧਾ ਪੈਦਾ ਹੋ ਗਈ। ਉਨ੍ਹਾਂ ਦੱਸਿਆ ਕਿ 2005 ਤੋਂ ਉਨ੍ਹਾਂ ਨੇ ਗ੍ਰੰਥ ਗੀਤਾ ਆਪਣੇ ਖੂਨ ਨਾਲ ਲਿਖਣੀ ਸ਼ੁਰੂ ਕੀਤੀ ਤੇ 186 ਪੰਨੇ (536 ਲਾਈਨਾਂ) ਲਿਖਣ ਲਈ ਉਨ੍ਹਾਂ ਨੂੰ 3 ਸਾਲ ਦਾ ਸਮਾਂ ਲੱਗਾ। ਉਨ੍ਹਾਂ ਦੱਸਿਆ ਕਿ ਉਹ ਗੀਤਾ ਦੇ ਸਾਰੇ ਸਲੋਕ ਆਪਣੀ ਉਂਗਲ 'ਤੇ ਸੂਈ ਮਾਰ ਕੇ ਉਸ 'ਚੋਂ ਨਿਕਲਿਆ ਖੂਨ ਪਿੱਪਲ ਦੇ ਪੱਤੇ 'ਤੇ ਰੱਖ ਕੇ ਮੋਰ ਦੇ ਖੰਭ ਨਾਲ ਗੀਤਾ ਦੇ ਸਲੋਕ ਲਿਖਦੇ ਸਨ। ਉਨ੍ਹਾਂ ਦੱਸਿਆ ਕਿ ਇਕ ਦਿਨ 'ਚ ਉਹ 3 ਤੋਂ 4 ਵਾਰ ਹੀ ਆਪਣੇ ਹੱਥਾਂ 'ਚੋਂ ਖੂਨ ਕੱਢਦੇ ਸਨ। 
ਪੰ. ਕੌਸ਼ਿਕ ਨੇ ਦੱਸਿਆ ਕਿ ਗੀਤਾ ਗ੍ਰੰਥ ਧਰਮ ਵਿਚ ਭੇਦਭਾਵ ਨਹੀਂ ਸਿਖਾਉਂਦਾ, ਇਸ ਲਗਨ ਤਹਿਤ ਹੀ ਉਨ੍ਹਾਂ 7 ਸਾਲਾਂ ਵਿਚ ਕੁਰਾਨ ਦੇ 369 ਪੰਨੇ ਲਿਖੇ। ਪੰ. ਕਰਮਵੀਰ ਨੇ ਖੂਨ ਨਾਲ ਲਿਖਿਆ ਪਵਿੱਤਰ ਗੰ੍ਰਥ ਗੀਤਾ ਦਿਖਾਉਂਦੇ ਹੋਏ ਦੱਸਿਆ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਇਹ ਗ੍ਰੰਥ ਗਿਆਨ ਦਾ ਭੰਡਾਰ ਹੈ ਤੇ ਉਨ੍ਹਾਂ ਦਾ ਉਦੇਸ਼ ਹੈ ਕਿ ਉਹ ਲੋਕ ਆਪਣੇ ਘਰਾਂ ਵਿਚ ਇਸ ਗ੍ਰੰਥ ਨੂੰ ਸਥਾਪਿਤ ਕਰਨ। 
ਉਨ੍ਹਾਂ ਦੱਸਿਆ ਕਿ ਧਰਮ ਦੇ ਪ੍ਰਚਾਰ ਲਈ ਉਹ ਉੱਤਰਾਖੰਡ, ਮਹਾਰਾਸ਼ਟਰ, ਗੁਜਰਾਤ, ਦਿੱਲੀ ਦੀ ਯਾਤਰਾ ਕਰ ਚੁੱਕੇ ਹਨ ਤੇ ਹੁਣ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਇਤਿਹਾਸਕ ਸ਼ਹਿਰ ਮਾਛੀਵਾੜਾ ਵਿਖੇ ਪਾਂਡਵਾ ਨਾਲ ਸਬੰਧਿਤ ਪੁਰਾਤਨ ਤੇ ਇਤਿਹਾਸਕ ਮੰਦਰ ਹੈ, ਜਿਸ ਦੇ ਦਰਸ਼ਨਾਂ ਲਈ ਉਹ ਇਥੇ ਆਏ ਹਨ। 


Related News