ਹੋਲਾ ਮੁਹੱਲਾ ਮੌਕੇ ਮੈਡੀਕਲ ਟੀਮਾਂ ਸਮੇਤ ਐਂਬੂਲੈਂਸਾਂ ਦੀ ਤਾਇਨਾਤੀ ਦੇ ਕੀਤੇ ਪ੍ਰਬੰਧ: ਸਿਵਲ ਸਰਜਨ

02/21/2018 4:14:38 PM

ਰੂਪਨਗਰ (ਵਿਜੇ)— ਸ੍ਰੀ ਆਨੰਦਪੁਰ ਸਾਹਿਬ ਵਿਖੇ 25 ਫਰਵਰੀ ਤੋਂ 02 ਮਾਰਚ ਤੱਕ ਹੋਲਾ-ਮੁਹੱਲਾ ਦੇ ਰਾਸ਼ਟਰੀ ਤਿਉਹਾਰ ਦੌਰਾਨ ਆਉਣ ਵਾਲੇ ਸ਼ਰਧਾਲੂਆਂ ਨੂੰ ਸਿਵਲ ਸਰਜਨ ਰੂਪਨਗਰ ਡਾ. ਹਰਿੰਦਰ ਕੌਰ ਵੱਲੋਂ ਜੀ ਆਇਆਂ ਕਹਿੰਦੇ ਅਪੀਲ ਕੀਤੀ ਕਿ ਉਹ ਮੇਲੇ ਦੌਰਾਨ ਆਪਣੀ ਸਿਹਤ ਦਾ ਧਿਆਨ ਰੱਖਣ। ਉਨ੍ਹਾਂ ਨੇ ਕਿਹਾ ਕਿ ਕਿਉਂ ਜੋ ਸਰਦੀ ਦਾ ਮੌਸਮ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ, ਇਸ ਲਈ ਸਾਹ ਰਾਹੀਂ ਫੈਲਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਖਾਂਸੀ ਕਰਨ, ਛਿੱਕਣ ਸਮੇਂ ਰੁਮਾਲ ਦਾ ਇਸਤੇਮਾਲ ਕਰਨ ਅਤੇ ਹੱਥ ਮਿਲਾਉਣ ਤੋਂ ਪਰਹੇਜ਼ ਕਰਨ। ਸਿਹਤ ਵਿਭਾਗ ਵੱਲੋਂ ਬਣਾਏ ਗਏ ਮੈਡੀਕਲ ਬੂਥਾਂ ਅਤੇ ਮੂੰਹ ਢੱਕਣ ਲਈ 'ਮਾਸਕ' ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਵੇਗੀ। 
ਕਿਸੇ ਬੀਮਾਰੀ ਤੋਂ ਪੀੜਤ ਵਿਅਕਤੀ ਮੇਲੇ ਵਿਖੇ ਆਉਣ ਤੋਂ ਗੁਰੇਜ ਕਰਨ ਜਾਂ ਫਿਰ ਚੰਗੀ ਤਰ੍ਹਾਂ ਠੀਕ ਹੋਣ ਉਪਰੰਤ ਹੀ ਮੇਲੇ ਆਉਣ। ਸਿਰਫ ਸਾਫ ਅਤੇ ਢਕੀਆਂ ਚੀਜਾਂ ਖਾਣ ਨੂੰ ਤਰਜੀਹ ਦਿੱਤੀ ਜਾਵੇ। ਸਿਹਤ ਵਿਭਾਗ ਵੱਲੋਂ ਵੀ ਨਿਰੰਤਰ ਰੂਪ ਵਿੱਚ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਰੇ ਜ਼ਰੂਰੀ ਸਥਾਨਾਂ 'ਤੇ ਮੈਡੀਕਲ ਟੀਮਾਂ, ਮੁਫਤ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਲੋੜ ਪੈਣ 'ਤੇ ਇਨ੍ਹਾਂ ਸੇਵਾਵਾਂ ਦਾ ਫਾਇਦਾ ਲਿਆ ਜਾ ਸਕਦਾ ਹੈ। ਕਿਸੇ ਵੀ ਐਮਰਜੈਂਸੀ ਹਲਾਤਾਂ ਨਾਲ ਨਜਿੱਠਣ ਲਈ ਜਗ੍ਹਾ-ਜਗ੍ਹਾ 'ਤੇ ਐਂਬੂਲੈਂਸਾਂ ਦੀ ਤਾਇਨਾਤੀ ਤੋਂ ਇਲਾਵਾ ਸਿਹਤ ਸੰਸਥਾਵਾਂ ਵਿਖੇ ਵੀ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।


Related News