ਮੋਬਾਈਲ ਖੋਹਣ ਵਾਲੇ ਗਿਰੋਹ ਦੇ 3 ਮੈਂਬਰ ਖੋਹ ਕੀਤੇ 10 ਮੋਬਾਈਲਾਂ ਸਮੇਤ ਗ੍ਰਿਫਤਾਰ

Monday, May 27, 2024 - 05:26 PM (IST)

ਮੋਬਾਈਲ ਖੋਹਣ ਵਾਲੇ ਗਿਰੋਹ ਦੇ 3 ਮੈਂਬਰ ਖੋਹ ਕੀਤੇ 10 ਮੋਬਾਈਲਾਂ ਸਮੇਤ ਗ੍ਰਿਫਤਾਰ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਸੁਨਾਮ ਪੁਲਸ ਨੇ ਮੋਬਾਈਲ ਖੋਹਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 10 ਮੋਬਾਈਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਡੀ. ਐੱਸ. ਪੀ. ਸੁਨਾਮ ਨੇ ਦੱਸਿਆ ਕਿ ਇੰਸਪੈਕਟਰ ਸੁਖਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਸੁਨਾਮ, ਥਾਣੇਦਾਰ ਦਵਿੰਦਰ ਸਿੰਘ ਇੰਚਾਰਜ ਜੈਲ ਪੋਸਟ ਸਿਟੀ ਸੁਨਾਮ ਨੇ ਸਮੁੱਚੀ ਪੁਲਸ ਟੀਮ ਸਮੇਤ ਸ਼ਹਿਰ ਸਨਾਮ ਦੇ ਏਰੀਏ ’ਚ ਮੋਬਾਈਲ ਖੋਹ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 10 ਫੋਨ ਬਰਾਮਦ ਕਰਵਾਏ ਹਨ।

ਉਨ੍ਹਾਂ ਦੱਸਿਆ ਕਿ ਮਿਤੀ 25 ਮਈ ਨੂੰ ਰੇਖਾ ਰਾਣੀ ਬੈਕ ਸਾਈਡ ਮਹਾਰਾਜਾ ਪੈਲੇਸ ਸੁਨਾਮ ਜ਼ਿਲ੍ਹਾ ਸੰਗਰੂਰ ਨੇ ਪੁਲਸ ਪਾਸ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 13 ਮਈ ਨੂੰ ਉਸ ਦਾ ਮੋਬਾਈਲ 3 ਮੋਟਰਸਾਈਕਲ ਸਵਾਰਾਂ ਵੱਲੋਂ ਖੋਹ ਕੀਤਾ ਗਿਆ ਹੈ। ਇਸੇ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਤਫਤੀਸ਼ ਅਮਲ ’ਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਮੁਕੱਦਮੇ ’ਚ ਕਮਲਦੀਪ ਸਿੰਘ ਵਾਸੀ ਛਾਜਲਾ, ਗੁਰਜੰਟ ਸਿੰਘ ਵਾਸੀ ਛਾਜਲਾ ਅਤੇ ਰਾਜਦੀਪ ਸਿੰਘ ਵਾਸੀ ਈਲਵਾਲ ਹਾਲ ਵਾਸੀ ਛਾਜਲਾ ਨੂੰ ਗ੍ਰਿਫਤਾਰ ਕਰ ਉਨ੍ਹਾਂ ਪਾਸੋਂ ਮੁਕੱਦਮੇ ਰੇਖਾ ਰਾਣੀ ਉਕਤ ਦਾ ਖੋਹ ਕੀਤਾ ਮੋਬਾਈਲ ਅਤੇ 9 ਹੋਰ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਡੀ. ਐੱਸ. ਪੀ. ਮਨਦੀਪ ਸਿੰਘ ਨੇ ਕਿਹਾ ਕਿ ਕਿਸੇ ਵੀ ਗੈਰ-ਕਾਨੂੰਨੀ ਕੰਮ ਕਰਨ ਵਾਲੇ ਵਿਅਕਤੀ ਨੂੰ ਨਹੀਂ ਬਖਸ਼ਿਆ ਜਾਵੇਗਾ ਅਤੇ ਮਾੜੇ ਅਨਸਰਾ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News