ਗਰਮ ''ਲੂ'' ਨੂੰ ਧਿਆਨ ’ਚ ਰੱਖਦਿਆਂ ਪੋਲਿੰਗ ਸਟੇਸ਼ਨਾਂ ’ਤੇ ਮੈਡੀਕਲ ਟੀਮਾਂ ਤਾਇਨਾਤ ਕਰਨ ਦੀਆਂ ਹਦਾਇਤਾਂ
Wednesday, May 29, 2024 - 11:14 AM (IST)
ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ, ਰਾਜੇਸ਼ ਢੰਡ) : ਚੋਣ ਕਮੀਸ਼ਨ ਵੱਲੋਂ ਤਾਇਨਾਤ ਪੰਜਾਬ ਦੇ ਸਪੈਸ਼ਲ ਪੁਲਸ ਆਬਜ਼ਰਵਰ ਦੀਪਕ ਮਿਸ਼ਰਾ ਅਤੇ ਖ਼ਰਚ ਆਬਜ਼ਰਵਰ ਬੀ. ਆਰ. ਬਾਲਾਕ੍ਰਿਸ਼ਨਨ ਨੇ ਮੰਗਲਵਾਰ ਨੂੰ ਸੰਸਦੀ ਹਲਕੇ ਫਿਰੋਜ਼ਪੁਰ ’ਚ ਲੋਕ ਸਭਾ ਚੋਣਾਂ ਦੇ ਪ੍ਰਬੰਧਾਂ, ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪੂਰੇ ਸੰਸਦੀ ਹਲਕੇ ’ਚ ਮਾਡਲ ਕੋਡ ਆਫ ਕੰਡਕਟ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ।
ਉਮੀਦਵਾਰਾਂ ਅਤੇ ਰਾਜਨੀਤਕ ਪਾਰਟੀਆਂ ਦੇ ਖ਼ਰਚੇ 'ਤੇ ਤਿੱਖੀ ਨਜ਼ਰ ਰੱਖੀ ਜਾਵੇ। ਪੂਰੇ ਜ਼ਿਲ੍ਹੇ 'ਚ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣ ਤਾਂ ਕਿ ਲੋਕ ਨਿਡਰ ਹੋ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ। ਵੋਟਾਂ ਵਾਲੇ ਦਿਨ ਵੋਟਰਾਂ ਅਤੇ ਪੋਲਿੰਗ ਸਟਾਫ਼ ਨੂੰ ਹਰ ਸਹੂਲਤ ਉਪਲੱਬਧ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਹਰ ਪੋਲਿੰਗ ਸਟੇਸ਼ਨ ਤੇ ਤਾਇਨਾਤ ਅਫ਼ਸਰ ਅਤੇ ਕਰਮਚਾਰੀ ਇਕ ਟੀਮ ਦੀ ਤਰ੍ਹਾਂ ਕੰਮ ਕਰਨ ਅਤੇ ਆਪਸੀ ਤਾਲਮੇਲ ਬਣਾ ਕੇ ਰੱਖਣ।
ਆਬਜ਼ਰਵਰਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ’ਚ ਭਿਆਨਕ ਲੂ ਚੱਲ ਰਹੀ ਹੈ। ਜਿਸ ਨੂੰ ਦੇਖਦੇ ਹੋਏ ਚੋਣਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ ’ਤੇ ਮੈਡੀਕਲ ਟੀਮਾਂ ਦੀ ਤਾਇਨਾਤੀ ਕੀਤੀ ਜਾਵੇ ਤਾਂ ਕਿ ਕਿਸੇ ਵੀ ਐਮਰਜੈਂਸੀ ਦੀ ਹਾਲਤ 'ਚ ਤੁਰੰਤ ਸਹਾਇਤਾ ਮਿਲ ਸਕੇ। ਇਸ ਤੋਂ ਇਲਾਵਾ ਬੂਥਾਂ ’ਤੇ ਰੈਂਪ, ਰੌਸ਼ਨੀ, ਪੀਣ ਵਾਲੇ ਪਾਣੀ, ਬਾਥਰੂਮ, ਟੈਂਟ, ਬੈਠਣ ਆਦਿ ਦਾ ਪੂਰਾ ਪ੍ਰਬੰਧ ਹੋਵੇ।
ਇਸ ਮੀਟਿੰਗ ’ਚ ਸੰਸਦੀ ਹਲਕੇ ਵਿਚ ਤਾਇਨਾਤ ਤਿੰਨਾਂ ਆਬਜ਼ਰਵਰਾਂ, ਡੀ. ਸੀ. ਫਿਰੋਜ਼ਪੁਰ ਰਾਜੇਸ਼ ਧੀਮਾਨ, ਏ. ਡੀ. ਸੀ. ਡਾ. ਨਿਧੀ ਬਾਂਬਾ, ਉਪ-ਮੰਡਲ ਅਫ਼ਸਰ ਡਾ. ਚਾਰੂਮਿਤਾ, ਸਹਾਇਕ ਕਮਿਸ਼ਨਰ ਸੂਰਜ ਕੁਮਾਰ ਸ਼ਾਮਲ ਹੋਏ ਜਦ ਕਿ ਫਾਜ਼ਿਲਕਾ ਅਤੇ ਮੁਕਤਸਰ ਜ਼ਿਲ੍ਹਿਆਂ ਦੇ ਡੀ. ਸੀ. ਡਾ. ਸੇਨੂੰ ਦੁੱਗਲ, ਹਰਪ੍ਰੀਤ ਸਿੰਘ ਸੂਦਨ, ਐੱਸ. ਐੱਸ. ਪੀ. ਡਾ. ਪ੍ਰਗਿਆ ਜੈਨ, ਭਾਗੀਰਥ ਮੀਨਾ ਵੀਡੀਓ ਕਾਨਫਰੈਂਸਿੰਗ ਰਾਹੀਂ ਮੀਟਿੰਗ ਦਾ ਹਿੱਸਾ ਬਣੇ।