ਚੰਡੀਗੜ੍ਹ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ, ਆਉਣ ਵਾਲੇ ਦਿਨਾਂ ’ਚ ਵਧੇਗਾ ਪਾਰਾ
Saturday, Apr 18, 2026 - 01:07 PM (IST)
ਚੰਡੀਗੜ੍ਹ (ਪਾਲ) : ਕੁੱਝ ਦਿਨਾਂ ਤੋਂ ਸ਼ਹਿਰ ’ਚ ਗਰਮੀ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਤਾਪਮਾਨ ’ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਸ਼ੁੱਕਰਵਾਰ ਸਵੇਰ ਤੋਂ ਦੁਪਹਿਰ ਤੱਕ ਤੇਜ਼ ਹਵਾਵਾਂ ਚੱਲਦੀਆਂ ਰਹੀਆਂ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ, ਹਰਿਆਣਾ ਤੇ ਪੰਜਾਬ ’ਚ 24 ਘੰਟਿਆਂ ਦੌਰਾਨ ਮੌਸਮ ਖੁਸ਼ਕ ਬਣਿਆ ਰਿਹਾ। ਤਾਪਮਾਨ ’ਚ ਹਲਕੀ ਗਿਰਾਵਟ ਦਰਜ ਕੀਤੀ ਗਈ ਪਰ ਹਾਲੇ ਵੀ ਆਮ ਦੇ ਆਸਪਾਸ ਬਣਿਆ ਹੋਇਆ ਹੈ। ਹਰਿਆਣਾ ’ਚ ਔਸਤ ਵੱਧ ਤੋਂ ਵੱਧ ਤਾਪਮਾਨ ’ਚ ਕਰੀਬ 1.3 ਡਿਗਰੀ ਦੀ ਗਿਰਾਵਟ ਦਰਜ ਹੋਈ ਹੈ, ਜੋ ਪੰਜਾਬ ’ਚ ਕਰੀਬ 2.2 ਡਿਗਰੀ ਰਹੀ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 36.7 ਅਤੇ ਘੱਟ ਤੋਂ ਘੱਟ ਤਾਪਮਾਨ 20.2 ਡਿਗਰੀ ਦਰਜ ਹੋਇਆ, ਜੋ ਆਮ ਦੇ ਨੇੜੇ ਹੈ।
ਵਿਭਾਗ ਅਨੁਸਾਰ ਫਿਲਹਾਲ ਬਾਰਸ਼ ਦੀ ਕੋਈ ਖ਼ਾਸ ਸੰਭਾਵਨਾ ਨਹੀਂ ਹੈ ਤੇ ਮੌਸਮ ਖੁਸ਼ਕ ਬਣਿਆ ਰਹੇਗਾ। ਹਾਲਾਂਕਿ ਕੁੱਝ ਇਲਾਕਿਆਂ ’ਚ ਹਲਕੇ ਬੱਦਲ ਛਾਏ ਰਹਿਣ ਦੀ ਸਥਿਤੀ ਬਣ ਸਕਦੀ ਹੈ। ਹਵਾ ’ਚ ਨਮੀ ਦਾ ਪੱਧਰ ਵੀ ਮੱਧਮ ਬਣਿਆ ਹੋਇਆ ਹੈ, ਜਿਸ ਨਾਲ ਦਿਨ ’ਚ ਗਰਮੀ ਦਾ ਅਸਰ ਮਹਿਸੂਸ ਹੋ ਰਿਹਾ ਹੈ। ਵਿਜ਼ੀਬਿਲਟੀ ਨੂੰ ਲੈ ਕੇ ਵੀ ਫਿਲਹਾਲ ਕੋਈ ਵੱਡੀ ਸਮੱਸਿਆ ਸਾਹਮਣੇ ਨਹੀਂ ਆਈ ਹੈ ਤੇ ਆਮ ਸਥਿਤੀ ਬਣੀ ਹੋਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਪ੍ਰੈਲ ਦੇ ਦੂਜੇ ਪੰਦਰਵਾੜੇ ’ਚ ਤਾਪਮਾਨ ਹੌਲੀ-ਹੌਲੀ ਵਧੇਗਾ ਤੇ ਆਉਣ ਵਾਲੇ ਦਿਨਾਂ ’ਚ ਗਰਮੀ ਹੋਰ ਵੱਧ ਸਕਦੀ ਹੈ।
3 ਦਿਨ ਅਜਿਹਾ ਰਹੇਗਾ ਮੌਸਮ
18 ਤੇ 19 ਅਪ੍ਰੈਲ ਨੂੰ ਬੱਦਲ ਛਾਏ ਰਹਿਣਗੇ। 20 ਅਪ੍ਰੈਲ ਨੂੰ ਵੀ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 38 ਤੋਂ 39 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ, ਜਦਕਿ ਘੱਟ ਤੋਂ ਘੱਟ ਤਾਪਮਾਨ 21 ਤੋਂ 22 ਡਿਗਰੀ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।
