ਨਾਮਧਾਰੀ ਸ਼ਹੀਦੀ ਸਮਾਰਕ ਲੁਧਿਆਣਾ ਵਿਖੇ ਬਣੇਗਾ ਇਤਿਹਾਸਕ ਮਿਊਜ਼ੀਅਮ

04/22/2018 7:20:18 AM

ਲੁਧਿਆਣਾ (ਜ.ਬ.)  - ਦੇਸ਼ ਦੀ ਆਜ਼ਾਦੀ  ਖਾਤਰ 26 ਨਵੰਬਰ 1871 ਈ. ਨੂੰ ਲੁਧਿਆਣਾ ਜੇਲ ਵਿਖੇ ਫਾਂਸੀਆਂ ਦੇ ਰੱਸੇ ਚੁੰਮ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ 2 ਨਾਮਧਾਰੀ ਸ਼ਹੀਦਾਂ ਸੂਬਾ ਗਿਆਨੀ ਰਤਨ ਸਿੰਘ ਤੇ ਸੰਤ ਰਤਨ ਸਿੰਘ ਦੀ ਯਾਦ ਵਿਚ ਲੁਧਿਆਣਾ ਵਿਖੇ ਨਾਮਧਾਰੀ ਸ਼ਹੀਦੀ ਸਮਾਰਕ ਬਣਿਆ ਹੋਇਆ ਹੈ। ਇਸ ਪਵਿੱਤਰ ਅਸਥਾਨ 'ਤੇ ਹੁਣ ਇਤਿਹਾਸਕ ਮਿਊਜ਼ੀਅਮ ਬਣਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਨਾਮਧਾਰੀ ਦਰਬਾਰ ਦੇ ਸੀ. ਮੀਤ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ ਤੇ ਸੂਬਾ ਹਰਭਜਨ ਸਿੰਘ ਨੇ ਲੁਧਿਆਣਾ ਵਿਖੇ ਨਾਮਧਾਰੀ  ਮੁਖੀ ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਬੈਂਗਲੁਰੂ ਤੋਂ ਉਚੇਚੇ ਤੌਰ 'ਤੇ ਪੁੱਜੇ ਆਰਕੀਟੈਕਟਾਂ ਨੇ ਸਤਿਗੁਰੂ ਉਦੇ ਸਿੰਘ ਜੀ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਸਮਾਰਕ ਦੇ ਐਂਟਰੀ ਗੇਟ ਦੇ ਸੱਜੇ ਪਾਸੇ ਬੇਸਮੈਂਟ ਵਿਚ ਵੱਡਾ ਦੀਵਾਨ ਹਾਲ ਬਣੇਗਾ ਅਤੇ ਸ਼ਹੀਦੀ ਬੋਹੜ ਤੋਂ ਅੱਗੇ ਇਤਿਹਾਸਕ ਮਿਊਜ਼ੀਅਮ ਬਣਾਇਆ ਜਾਵੇਗਾ ਤੇ ਪੁਰਾਣੀ ਜੇਲ ਦੇ ਕਮਰਿਆਂ ਵਿਚ ਅੰਗਰੇਜ਼ਾਂ ਵੇਲੇ ਦਾ ਫਰਨੀਚਰ ਰੱਖਿਆ ਜਾਵੇਗਾ ਤੇ ਲਾਈਟ ਐਂਡ ਸਾਊਂਡ ਨਾਲ ਦੀਵਾਰਾਂ ਉਪਰ ਸ਼ਹੀਦਾਂ ਨੂੰ ਸਮਰਪਿਤ ਡਾਕੂਮੈਂਟਰੀ ਦਿਖਾਈ ਜਾਵੇਗੀ। ਖੱਬੇ ਪਾਸੇ  ਲਾਇਬ੍ਰੇਰੀ ਤੇ ਖੂਹ ਬਣਾਇਆ ਜਾਵੇਗਾ। ਮਿਊਜ਼ੀਅਮ ਵਿਚ ਸ਼ਹੀਦਾਂ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ। ਸੇਵਕ ਕਰਤਾਰ ਸਿੰਘ, ਸੇਵਕ ਆਸਾ ਸਿੰਘ ਮਾਨ ਤੇ ਪ੍ਰੈੱਸ ਸਕੱਤਰ ਲਖਵੀਰ ਬੱਦੋਵਾਲ ਨੇ ਦੱਸਿਆ ਕਿ 22 ਅਪ੍ਰ੍ਰੈਲ ਦਿਨ ਐਤਵਾਰ ਨੂੰ ਪਿੰਡ ਗੁਰੂਸਰ (ਗੱਦਾਂਡੋਬ) ਜ਼ਿਲਾ ਫਾਜ਼ਿਲਕਾ ਵਿਖੇ ਸਤਿਗੁਰੂ ਉਦੇ ਸਿੰਘ ਜੀ ਦੀ ਹਜ਼ੂਰੀ ਵਿਚ ਅਨੰਦ ਕਾਰਜ ਸਿਮਰਤੀ ਮੇਲਾ ਕਰਵਾਇਆ ਜਾ ਰਿਹਾ ਹੈ ਤੇ ਸਤਿਗੁਰੂ ਜੀ ਅਨੰਦ ਸਿਮਰਤੀ ਮੰਦਰ ਦਾ ਉਦਘਾਟਨ ਆਪਣੇ ਕਰ-ਕਮਲਾਂ ਨਾਲ ਕਰਨਗੇ। ਇਸ ਮੌਕੇ ਸੁਰਿੰਦਰ ਸਿੰਘ ਭਾਈ ਜੀ, ਗੁਰਮੁਖ ਸਿੰਘ ਰਹਿਬਰ, ਗਿਆਨੀ ਜੁਗਿੰਦਰ ਸਿੰਘ ਅਤੇ ਜਗਮੋਹਣ ਸਿੰਘ ਨੇ ਮਾਤਾ ਗੁਰਸ਼ਰਨ ਕੌਰ ਜੀ ਦਾ ਸਵਾਗਤ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ, ਡਾ. ਗੁਰਸੇਵ ਤੇ ਜੱਗੀ ਸਿਬੀਆ ਵੀ ਮੌਜੂਦ ਸਨ।


Related News