ਦਸਮੇਸ਼ ਪਿਤਾ ਨਾ ਆਏ ਹੁੰਦੇ ਤਾਂ ਹਿੰਦੁਸਤਾਨ ਅੱਜ ਇਕ ਇਸਲਾਮਿਕ ਸਟੇਟ ਹੁੰਦਾ
Wednesday, Dec 27, 2017 - 07:32 AM (IST)
ਅੰਮ੍ਰਿਤਸਰ (ਛੀਨਾ) - ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਮਾਤਲੋਕ ਵਿਚ ਨਾ ਆਉਂਦੇ ਤਾਂ ਹਿੰਦੁਸਤਾਨ ਦਾ ਨਾਂ ਭਾਰਤ ਦੀ ਥਾਂ ਜ਼ਰੂਰ ਹੀ ਕਿਸੇ ਇਸਲਾਮਿਕ ਸਟੇਟ ਦੇ ਨਾਂ 'ਤੇ ਹੋਣਾ ਸੀ ਜਾਂ ਇਹ ਅੱਜ ਇਕ ਇਸਲਾਮਿਕ ਸਟੇਟ ਵਜੋਂ ਜਾਣਿਆ ਜਾਣਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 351ਵੇਂ ਪ੍ਰਕਾਸ਼ ਪੁਰਬ ਦੇ ਸ਼ੁਕਰਾਨਾ ਸਮਾਰੋਹ ਮੌਕੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਵਿਖੇ ਦਸਮ ਪਿਤਾ ਦੇ ਜੀਵਨ ਬਾਰੇ ਕਥਾ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਦੇਸ਼ ਦੀ ਹੋਂਦ, ਭਾਰਤ ਦੀ ਸੰਸਕ੍ਰਿਤੀ, ਹਿੰਦੂ ਧਰਮ ਦੀ ਰੱਖਿਆ, ਮਾਨਵਤਾ ਅਤੇ ਸਰਬ ਸਾਂਝੀਵਾਲਤਾ ਲਈ ਦਸਮੇਸ਼ ਪਿਤਾ ਤੇ ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਹੁਤ ਵੱਡਾ ਬਲੀਦਾਨ ਹੈ। ਇਹੀ ਕਾਰਨ ਹੈ ਕਿ ਅੱਜ ਸਾਰੀ ਦੁਨੀਆ ਵਿਚ ਉਨ੍ਹਾਂ ਵੱਲੋਂ ਕੀਤੇ ਗਏ ਪਰਉਪਕਾਰਾਂ ਦਾ ਜ਼ਿਕਰ ਹੋ ਰਿਹਾ ਹੈ, ਜਦਕਿ ਦੂਜੇ ਪਾਸੇ ਇਸ ਧਰਤੀ 'ਤੇ ਆਏ ਦੂਜੇ ਧਰਮਾਂ ਦੇ ਸਾਰੇ ਅਵਤਾਰ ਅਤੇ ਰਹਿਬਰ ਆਪਣੇ ਪਰਿਵਾਰ, ਧਰਮ, ਆਪਣੀ ਕੌਮ ਜਾਂ ਸ਼ਖਸੀਅਤ ਨੂੰ ਹੀ ਸਥਾਪਤ ਕਰਨ ਲਈ ਸੰਘਰਸ਼ਸ਼ੀਲ ਰਹੇ।
ਬਾਬਾ ਹਰਨਾਮ ਸਿੰਘ ਨੇ ਸਿੱਖੀ ਭੇਸ 'ਚ ਸਿੱਖੀ ਪ੍ਰੰਪਰਾਵਾਂ ਨੂੰ ਢਾਅ ਲਾਉਣ ਵਿਚ ਲੱਗੇ ਲੋਕਾਂ ਨੂੰ ਉਨ੍ਹਾਂ ਸ਼ਕਤੀਆਂ ਪ੍ਰਤੀ ਸੁਚੇਤ ਰਹਿਣ ਦਾ ਹੋਕਾ ਦਿੰਦਿਆਂ ਕਿਹਾ ਕਿ ਜੋ ਲੋਕ ਸਿੱਖੀ ਸਰੂਪ ਵਿਚ ਗੁਰੂਆਂ ਦੇ ਇਤਿਹਾਸ, ਸਿੱਖ ਇਤਿਹਾਸ, ਗੁਰ ਅਸਥਾਨਾਂ, ਸ਼ਰਧਾ ਅਤੇ ਵਿਸ਼ਵਾਸ ਨੂੰ ਨਿਸ਼ਾਨਾ ਬਣਾ ਰਹੇ ਹਨ ਉਹ ਸਿੱਖ ਕੌਮ ਲਈ ਸਭ ਤੋਂ ਵੱਡੇ ਘਾਤਕ ਹਨ। ਉਨ੍ਹਾਂ ਪ੍ਰਕਾਸ਼ ਪੁਰਬ ਲਈ ਪਾਏ ਗਏ ਵੱਡੇ 'ਤੇ ਇਤਿਹਾਸਕ ਯੋਗਦਾਨ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ, ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਦਮਦਮਾ ਸਾਹਿਬ, ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਵਤਾਰ ਸਿੰਘ ਮੱਕੜ ਪ੍ਰਧਾਨ ਪਟਨਾ ਸਾਹਿਬ ਕਮੇਟੀ, ਸੰਤ ਬਲਬੀਰ ਸਿੰਘ ਮੁਖੀ ਬੁੱਢਾ ਦਲ, ਮਹੰਤ ਕਾਹਨ ਸਿੰਘ ਸੇਵਾ ਪੰਥੀ, ਸੰਤ ਜੋਗਾ ਸਿੰਘ ਕਰਨਾਲ, ਬਾਬਾ ਘਾਲਾ ਸਿੰਘ ਨਾਨਕਸਰ, ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ, ਸੰਤ ਪ੍ਰਦੀਪ ਸਿੰਘ ਬੋਰੇਵਾਲ ਆਦਿ ਵੀ ਮੌਜੂਦ ਸਨ।
