ਮਾਰਕਫੈੱਡ ਵਲੋਂ ਹਿੰਦੁਸਤਾਨ ਪੈਟਰੋਲੀਅਮ ਨਾਲ ਸਮਝੌਤਾ

Friday, Jun 22, 2018 - 06:22 AM (IST)

ਮਾਰਕਫੈੱਡ ਵਲੋਂ ਹਿੰਦੁਸਤਾਨ ਪੈਟਰੋਲੀਅਮ ਨਾਲ ਸਮਝੌਤਾ

ਤੇਲ, ਗ੍ਰੀਸ ਤੇ ਹੋਰ ਲੁਬਰੀਕੈਂਟ ਸਾਂਝੇ ਲੋਗੋ ਅਧੀਨ ਪਹੁੰਚਣਗੇ ਪਿੰਡਾਂ 'ਚ 
ਚੰਡੀਗੜ੍ਹ(ਸ਼ਰਮਾ)-ਦੇਸ਼ ਦੀ ਨਾਮੀ ਪੈਟਰੋਲੀਅਮ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਅਤੇ ਏਸ਼ੀਆ ਦੀ ਸਿਰਕੱਢ ਸਹਿਕਾਰੀ ਸੰਸਥਾ ਮਾਰਕਫੈੱਡ ਨੇ ਮਿਲ ਕੇ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਧੀਕ ਮੁੱਖ ਸਕੱਤਰ ਸਹਿਕਾਰਤਾ ਪੰਜਾਬ ਦੀ ਹਾਜ਼ਰੀ ਵਿਚ ਇਕ ਅਹਿਮ ਸਮਝੌਤਾ ਸਹੀਬੱਧ ਕੀਤਾ। ਇਸ ਸਮਝੌਤੇ ਰਾਹੀਂ ਕਿਸਾਨਾਂ ਨੂੰ ਉਨ੍ਹਾਂ ਦੀ ਮਸ਼ੀਨਰੀ ਲਈ ਲੋੜੀਂਦੇ ਵੱਖ-ਵੱਖ ਤਰ੍ਹਾਂ ਦੇ ਤੇਲ, ਗਰੀਸ ਅਤੇ ਹੋਰ ਲੁਬਰੀਕੈਂਟਸ ਹੁਣ ਮਾਰਕਫੈੱਡ ਅਤੇ ਹਿੰਦੁਸਤਾਨ ਪੈਟਰੋਲੀਅਮ ਦੇ ਸਾਂਝੇ ਲੋਗੋ (ਪ੍ਰਤੀਕ ਚਿੰਨ੍ਹ) ਅਧੀਨ ਸਹਿਕਾਰੀ ਸਭਾਵਾਂ ਰਾਹੀਂ ਪਿੰਡਾਂ ਵਿਚ ਪਹੁੰਚਾਏ ਜਾਣਗੇ। ਇਸ ਮੌਕੇ ਸਹਿਕਾਰਤਾ ਮੰਤਰੀ, ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ 3500 ਤੋਂ ਵੱਧ ਪ੍ਰਾਇਮਰੀ ਸਹਿਕਾਰੀ ਸਭਾਵਾਂ ਦੇ ਨੈੱਟਵਰਕ ਰਾਹੀਂ ਸਹਿਕਾਰਤਾ ਵਿਭਾਗ ਪੰਜਾਬ ਦੇ 10 ਲੱਖ ਤੋਂ ਵੱਧ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਅਤੇ ਇਹ ਉਚ ਮਿਆਰੀ ਲੁਬਰੀਕੈਂਟਸ ਜਦੋਂ ਵਾਜਿਬ ਰੇਟਾਂ 'ਤੇ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਵਿਚ ਪਹੁੰਚਣਗੇ ਤਾਂ ਕਿਸਾਨਾਂ ਨੂੰ ਸ਼ਹਿਰ ਜਾਣ ਦੀ ਜ਼ਰੂਰਤ ਨਹੀਂ ਰਹੇਗੀ ਅਤੇ ਸਹਿਕਾਰੀ ਸਭਾਵਾਂ ਨੂੰ ਲਾਭ ਪਹੁੰਚਾਉਣ ਵਿਚ ਮਾਰਕਫੈੱਡ ਦਾ ਇਹ ਉੱਦਮ ਸਹਾਈ ਹੋਵੇਗਾ। ਇਸ ਮੌਕੇ ਵਧੀਕ ਮੁੱਖ ਸਕੱਤਰ ਸਹਿਕਾਰਤਾ ਡੀ. ਪੀ. ਰੈੱਡੀ ਨੇ ਦੱਸਿਆ ਕਿ ਅਗਲੇ ਪੜਾਅ ਵਿਚ ਮਾਰਕਫੈੱਡ, ਹਿੰਦੁਸਤਾਨ ਪੈਟਰੋਲੀਅਮ ਦੇ ਰਿਟੇਲ ਆਉੂਟਲੈੱਟਸ ਰਾਹੀਂ ਆਪਣੇ ਖਾਣ ਵਾਲੇ ਉਤਪਾਦਾਂ ਦੀ ਵਿਕਰੀ ਬਾਰੇ ਵੀ ਸਮਝੌਤਾ ਕਰੇ, ਜਿਸ 'ਤੇ ਹਿੰਦੁਸਤਾਨ ਪੈਟਰੋਲੀਅਮ ਦੇ ਮੁੰਬਈ ਤੋਂ ਆਏ ਜਨਰਲ ਮੈਨੇਜਰ ਸੰਜੇ. ਐੱਸ. ਅਡਸੁਲ ਨੇ ਸਹਿਮਤੀ ਪ੍ਰਗਟਾਈ। ਮਾਰਕਫੈੱਡ ਦੇ ਪ੍ਰਬੰਧਕ ਨਿਰਦੇਸ਼ਕ, ਰਾਹੁਲ ਤਿਵਾੜੀ ਨੇ ਮਾਰਕਫੈੱਡ ਦੇ ਜ਼ਿਲਾ ਮੈਨੇਜਰਾਂ ਅਤੇ ਸਮੂਹ ਖੇਤਰੀ ਅਫਸਰਾਂ ਨੂੰ ਡਿਪਟੀ ਰਜਿਸਟਰਾਰ ਅਤੇ ਸਹਾਇਕ ਰਜਿਸਟਰਾਰ ਦੀ ਮਦਦ ਲੈ ਕੇ ਟੀਚਿਆਂ ਦੀ ਪ੍ਰਾਪਤੀ ਲਈ ਸਖਤ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਸ ਦੇ ਪ੍ਰਤੱਖ ਨਤੀਜੇ ਨਜ਼ਰ ਆਉਣਗੇ।


Related News