ਕੱਟੜ ਹਿੰਦੂ ਆਗੂ ਨਿਸ਼ਾਂਤ ਸ਼ਰਮਾ ਦੀ ਸੁਰੱਖਿਆ ''ਚ ਵਾਧਾ
Saturday, Nov 11, 2017 - 01:57 AM (IST)
ਖਰੜ (ਅਮਰਦੀਪ) – ਪੰਜਾਬ ਅੰਦਰ ਹਿੰਦੂ ਆਗੂਆਂ ਦੀਆਂ ਹੋ ਰਹੀਆਂ ਹੱਤਿਆਵਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਵਲੋਂ ਕੱਟੜ ਹਿੰਦੂ ਆਗੂ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਸੁਰੱਖਿਆ 'ਤੇ ਸਖਤ ਨਜ਼ਰ ਰੱਖਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਅੰਦਰ ਲਾਅ ਐਂਡ ਆਰਡਰ ਤਹਿਤ ਪੰਜਾਬ ਪੁਲਸ ਮੁਖੀ ਤੇ ਇੰਟੈਲੀਜੈਂਸ ਵਿਭਾਗ ਨਾਲ ਕੀਤੀ ਮੀਟਿੰਗ ਤੋਂ ਬਾਅਦ ਉਕਤ ਕੱਟੜ ਹਿੰਦੂ ਆਗੂ ਦੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਹੈ। ਅੱਜ ਪੁਲਸ ਦੇ ਉੱਚ ਅਫਸਰ, ਜਿਨ੍ਹਾਂ ਵਿਚ ਐੱਸ. ਐੱਚ. ਓ. ਭਗਵੰਤ ਸਿੰਘ ਵੀ ਸ਼ਾਮਲ ਸਨ, ਨੇ ਖਰੜ ਸਥਿਤ ਨਿਸ਼ਾਂਤ ਸ਼ਰਮਾ ਦੇ ਮੁੱਖ ਦਫਤਰ ਤੇ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਓ. ਆਰ. ਟੀ., ਬੰਬ ਤੇ ਡਾਗ ਸਕੁਐਡ ਟੀਮਾਂ ਨੇ ਵੀ ਜਾਂਚ ਕੀਤੀ। ਇਸ ਸਬੰਧੀ ਸੰਪਰਕ ਕਰਨ 'ਤੇ ਆਈ. ਜੀ. ਪਟਿਆਲਾ ਰੇਂਜ ਏ. ਐੱਸ. ਰਾਏ ਨੇ ਆਖਿਆ ਕਿ ਸਰਕਾਰ ਤੇ ਪੁਲਸ ਪ੍ਰਸ਼ਾਸਨ ਵਲੋਂ ਨਿਸ਼ਾਂਤ ਸ਼ਰਮਾ ਦੀ ਸੁਰੱਖਿਆ ਵਧਾਈ ਗਈ ਹੈ। ਡਾਗ ਤੇ ਬੰਬ ਸਕੁਐਡ ਦੀਆਂ ਟੀਮਾਂ ਸ਼ਰਮਾ ਦੇ ਦਫਤਰ ਤੇ ਘਰ ਦੇ ਬਾਹਰ ਰੈਗੂਲਰ ਜਾਂਚ ਕਰਨਗੀਆਂ। ਜਦੋਂ ਵੀ ਨਿਸ਼ਾਂਤ ਸ਼ਰਮਾ ਜ਼ਿਲਾ ਮੋਹਾਲੀ ਤੋਂ ਬਾਹਰ ਜਾਣਗੇ ਤਾਂ ਹੋਰ ਜ਼ਿਲਿਆਂ ਦੇ ਪੁਲਸ ਅਫਸਰਾਂ ਨੂੰ ਮੋਹਾਲੀ ਪੁਲਸ ਸੁਰੱਖਿਆ ਲਈ ਹਦਾਇਤਾਂ ਜਾਰੀ ਕਰੇਗੀ ਤੇ ਜੇਕਰ ਸੂਬੇ ਤੋਂ ਵੀ ਬਾਹਰ ਜਾਂਦੇ ਹਨ, ਤਾਂ ਵੀ ਦੂਜੇ ਰਾਜਾਂ ਦੇ ਪੁਲਸ ਅਧਿਕਾਰੀਆਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਸੂਚਿਤ ਕੀਤਾ ਜਾਵੇਗਾ।