ਨੈਣਾ ਦੇਵੀ ''ਚ ਐਨਕਾਊਂਟਰ ਤੋਂ ਬਾਅਦ ਪੁਲਸ ਦੀ ਵਿਸ਼ੇਸ਼ ਨੀਤੀ, ''ਗੋਲੀ ਦਾ ਜਵਾਬ ਗੋਲੀ ਨਾਲ''

07/16/2018 10:43:39 AM

ਚੰਡੀਗੜ੍ਹ : ਮੋਹਾਲੀ ਤੋਂ ਭੱਜੇ ਗੈਂਗਸਟਰਾਂ ਦਾ ਨੈਣਾ ਦੇਵੀ 'ਚ ਐਨਕਾਊਂਟਰ ਕਰਨ ਤੋਂ ਬਾਅਦ ਪੰਜਾਬ ਪੁਲਸ ਨੇ ਹੁਣ ਵਿਸ਼ੇਸ਼ ਨੀਤੀ ਅਪਨਾਉਣ ਦੀ ਸੋਚ ਲਈ ਹੈ, ਜਿਸ ਮੁਤਾਬਕ ਗੈਂਗਸਟਰਾਂ ਅਤੇ ਲੁਟੇਰਿਆਂ ਦੀ ਗੋਲੀ ਦਾ ਜਵਾਬ ਹੁਣ ਗੋਲੀ ਨਾਲ ਦਿੱਤਾ ਜਾਵੇਗਾ। ਇਸ ਸਬੰਧੀ ਐਤਵਾਰ ਨੂੰ ਪੁਲਸ ਅਫਸਰਾਂ ਦੀ ਉੱਚ ਪੱਧਰ ਦੀ ਮੀਟਿੰਗ ਹੋਈ, ਜਿਸ 'ਚ ਇਹ ਫੈਸਲਾ ਕੀਤਾ ਗਿਆ ਕਿ ਹੁਣ ਲੁਟੇਰਿਆਂ ਖਿਲਾਫ ਬਿਲਕੁਲ ਵੀ ਨਰਮੀ ਨਹੀਂ ਵਰਤੀ ਜਾਵੇਗੀ। 
ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਪੁਲਸ 'ਤੇ ਹਮਲਾ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਹੀ ਭਾਸ਼ਾ 'ਚ ਜਵਾਬ ਦਿੱਤਾ ਜਾਵੇਗਾ। ਇਹ ਫੈਸਲਾ ਇਸ ਲਈ ਵੀ ਲਿਆ ਗਿਆ ਹੈ ਕਿਉਂਕਿ ਹੁਣ ਗੈਂਗਸਟਰ ਅਤੇ ਲੁਟੇਰੇ ਵਾਰਦਾਤਾਂ 'ਚ ਹਾਈਟੈੱਕ ਹਥਿਆਰ ਇਸਤੇਮਾਲ ਕਰਨ ਲੱਗੇ ਹਨ, ਜੋ ਕਿ ਪੁਲਸ ਲਈ ਇਕ ਵੱਡੀ ਚੁਣੌਤੀ ਹੈ। ਮੀਟਿੰਗ 'ਚ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਲੁੱਟਖੋਹ ਦੀਆਂ ਵਾਰਦਾਤਾਂ 'ਚ ਫੜ੍ਹੇ ਗਏ ਅਪਰਾਧੀਆਂ ਦੀ ਜੇਲ 'ਚ ਜੇਲ ਸਟਾਫ ਵਲੋਂ ਕਾਊਂਸਲਿੰਗ ਵੀ ਕਰਵਾਈ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਅਪਰਾਧ ਦੀ ਦੁਨੀਆ ਛੱਡਣ ਲਈ ਜਾਗਰੂਕ ਕੀਤਾ ਜਾ ਸਕੇ।
ਇਸ ਲਈ ਜੇਲਾਂ 'ਚ ਬੰਦ ਗੈਂਗਸਟਰਾਂ ਅਤੇ ਲੁਟੇਰਿਆਂ ਦੀਆਂ ਕਲਾਸਾਂ ਲਾਈਆਂ ਜਾਣਗੀਆਂ, ਜਿਸ ਦੀ ਜ਼ਿੰਮੇਵਾਰੀ ਜੇਲ ਸੁਪਰੀਡੈਂਟ ਤੇ ਇੰਟੈਲੀਜੈਂਸ ਅਫਸਰਾਂ ਨੂੰ ਸੌਂਪੀ ਗਈ ਹੈ। ਗੈਂਗਸਟਰਾਂ ਅਤੇ ਲੁਟੇਰਿਆਂ ਨਾਲ ਮੁਕਾਬਲੇ ਲਈ ਹੁਣ ਹਰ ਜ਼ਿਲੇ 'ਚ ਹਾਈਟੈੱਕ ਟੀਮਾਂ ਬਣਾਈਆਂ ਗਈਆਂ ਹਨ। ਇਨ੍ਹਾਂ 'ਚ ਤਜ਼ੁਰਬੇਕਾਰ ਪੁਲਸ ਕਰਮਚਾਰੀ ਵੀ ਸ਼ਾਮਲ ਕੀਤੇ ਗਏ ਹਨ।  ਇਨ੍ਹਾਂ ਨੂੰ ਗੈਂਗਸਟਰਾਂ ਨਾਲ ਮੁਕਾਬਲੇ ਲਈ ਹਾਈਟੈੱਕ ਹਥਿਆਰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਪੁਲਸ ਦੀਆਂ ਰੈਗੂਲਰ ਟੀਮਾਂ ਨੂੰ ਹੀ ਗੈਂਗਸਟਰਾਂ ਅਤੇ ਲੁਟੇਰਿਆਂ ਨਾਲ ਮੁਕਾਬਲਾ ਕਰਨਾ ਪੈਂਦਾ ਸੀ, ਜਿਨ੍ਹਾਂ ਕੋਲ ਹਾਈਟੈੱਕ ਹਥਿਆਰ ਵੀ ਨਹੀਂ ਹੁੰਦੇ ਸਨ। 


Related News