1947 ਹਿਜਰਤਨਾਮਾ 78 : ਮਾਈ ਸ਼ਕੁੰਤਲਾ ਦੇਵੀ

04/24/2024 5:57:07 PM

'ਥੈਰਾਂ ਅਤੇ ਐਸ਼ਾਂ ਬੀਬੀ ਦੇ ਨਕਸ਼,
ਮੇਰੇ ਦਿਲ ਤੇ ਉਕਰੇ ਹੋਏ ਨੇ'

" ਮੈਂ ਸ਼ਕੁੰਤਲਾ ਦੇਵੀ ਪਤਨੀ ਲਾਲ ਚੰਦ ਹਾਲ ਆਬਾਦ ਪਿੰਡ ਚਾਨੀਆਂ, ਤਸੀਲ ਨਕੋਦਰ ਜ਼ਿਲ੍ਹਾ ਜਲੰਧਰ ਦੇ ਕਿਰਤੀ ਪਰਿਵਾਰ 'ਚੋਂ ਹਾਂ। ਮੇਰਾ ਪੇਕਾ ਪਿੰਡ ਹੁਸੈਨ ਚੱਕ ਨਜ਼ਦੀਕ ਬੰਗਾ (ਨਵਾਂ ਸ਼ਹਿਰ) ਹੈ। ਉਥੇ ਸ੍ਰੀ ਮੁਣਸ਼ੀ ਚੰਦ ਦੇ ਘਰ ਚਾਰ ਬੇਟੇ ਅਤੇ ਚਾਰ ਧੀਆਂ ਪੈਦਾ ਹੋਈਆਂ। ਵੱਡੇ ਭਾਈ ਕਿਸ਼ਨ ਚੰਦ ਤੋਂ ਬਾਅਦ ਮੈਂ ਦੂਜੇ ਨੰਬਰ 'ਤੇ ਹਾਂ। ਜਦ ਰੌਲ਼ੇ ਪਏ ਤਦੋਂ, ਮੈਂ ਕੋਈ ਤੇਰਵੇਂ ਸਾਲ ਵਿੱਚ ਸਾਂ। ਹੁਸੈਨ ਚੱਕ ਦੇ, ਕਰਿਆਮ, ਹਿਆਲਾ ਅਤੇ ਘੁੱਕੇਵਾਲ ਗੁਆਂਢੀ ਪਿੰਡ ਹੁੰਦੇ। ਪਿੰਡ ਵਿੱਚ ਬਹੁਤਾਤ ਅਰਾਈਂ ਮੁਸਲਮਾਨਾਂ ਦੀ ਸੀ। ਬਾਕੀ ਬਰਾਦਰੀਆਂ 'ਚ ਕੇਵਲ ਕਾਮੇ ਲੋਕ ਨਾਈ, ਝੀਰ, ਤਰਖਾਣ ਲੁਹਾਰਾਂ ਦੇ 1-1, 2-2 ਘਰ ਸਨ। ਸਾਰੇ ਪਿੰਡ ਦਾ ਤਰਖਾਣਾਂ ਵਾਲਾ ਕੰਮ ਮੇਰੇ ਪਿਤਾ ਜੀ ਹੀ ਕਰਦੇ। ਸਾਡੀ ਬਰਾਦਰੀ ਦਾ ਕੇਵਲ ਇੱਕੋ ਹੀ ਘਰ ਸੀ, ਉਥੇ। ਤੁਲਸੀ ਝੀਰ ਹੁੰਦਾ, ਜੋ ਮਸ਼ਕਾਂ ਨਾਲ ਲੋਕਾਂ ਦੇ ਘਰਾਂ ਵਿੱਚ ਪਾਣੀ ਢੋਂਅਦਾ।

ਉਦੇ ਘਰੋਂ ਭੱਠੀ ਤੇ ਦਾਣੇ ਭੁੰਨਦੀ। ਪਿੰਡ ਵਿੱਚ ਹਿੰਦੂਆਂ ਦੇ ਭਲੇ ਗਿਣਤੀ ਦੇ ਹੀ ਘਰ ਸਨ ਪਰ ਮੁਸਲਿਮ ਭਾਈਚਾਰੇ ਨਾਲ ਖਾਸਾ ਤੇਹ ਪਿਆਰ ਸੀ। ਕਦੀ ਵੀ ਉਨ੍ਹਾਂ ਵਲੋਂ ਘੱਟ ਗਿਣਤੀਆਂ ਉਪਰ ਜ਼ਿਆਦਤੀ ਦਾ ਨਾ ਸੁਣਿਆਂ। ਧੀਆਂ ਨੂੰਹਾਂ ਦੀ ਪੂਰੀ ਇੱਜ਼ਤ ਸੀ। ਧੀ ਜਵਾਈ ਸਾਰੇ ਪਿੰਡ ਦਾ ਸਾਂਝਾ ਜਾਣ ਕੇ ਇੱਜ਼ਤ ਕਰਦੇ। ਮੁਸਲਿਮ ਚੌਧਰੀ ਬਜ਼ੁਰਗਾਂ ਦਾ ਪਿੰਡ 'ਚ ਪੂਰਾ ਰੋਅਬ ਸ਼ੋਅਬ ਹੁੰਦਾ। ਸਾਡਾ ਵੀ ਗੁਆਂਢੀ ਮੁਸਲਮਾਨਾਂ ਨਾਲ ਪਿਆਰ ਸੀ। ਇਕ ਦੂਜੇ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ। ਕਿਸੇ ਸੁੱਕੀ ਚੀਜ਼ ਦੀ ਲੋੜ ਹੁੰਦੀ ਤਾਂ ਮੰਗ ਲੈਂਦੇ। ਹਾਂ ਇਕ ਦੂਜੇ ਦਿਓਂ ਘਰ ਦੀ ਬਣੀ ਰਸਦ ਨਾ ਖਾਂਦੇ। ਗੁਆਂਢੀ ਮੁਸਲਿਮ ਬੀਬੀਆਂ, ਥੈਰਾਂ ਅਤੇ ਐਸ਼ਾਂ ਦੀ ਸਾਡੇ ਪਰਿਵਾਰ ਨਾਲ ਬਹੁਤਾ ਪਿਆਰ ਸੀ। ਉਹ ਹਮੇਸ਼ ਹੀ ਸਾਡੇ ਦੁੱਖ਼ ਸੁੱਖ ਵਿਚ ਸਾਥ ਦਿੰਦੀਆਂ। ਅਸੀਂ ਵੀ ਸਾਰੇ ਭੈਣ ਭਰਾ ਉਨ੍ਹਾਂ ਦੇ ਹਮ ਉਮਰ ਬੱਚਿਆਂ ਨਾਲ ਘੰਟਿਆਂ ਬੱਧੀ ਖੇਡਦੇ ਰਹਿੰਦੇ। ਉਨਾਂ ਦੇ ਨਕਸ਼ੋ-ਨਿਹਾਰ ਅੱਜ ਵੀ ਮੇਰੇ ਦਿਲ ਤੇ ਉਕਰੇ ਹੋਏ ਨੇ। 

ਜਦ ਰੌਲ਼ੇ ਪਏ ਤਾਂ ਮੱਜ੍ਹਬੀ ਤੁਅੱਸਬ ਦੀਆਂ ਲਾਟਾਂ ਉਚੀਆਂ ਉਠਣ ਲੱਗੀਆਂ। "ਕੀ ਪਤਾ ਕਦ ਕਿਸੇ ਦਾ ਦਿਲ ਬੇਈਮਾਨ ਹੋ ਜਾਏ",ਪਿਤਾ ਨੇ ਮਾਤਾ ਨੂੰ ਕਿਹਾ। ਉਸੇ ਰਾਤ ਹੀ ਪਿੰਡ ਛੱਡਣ ਦਾ ਫ਼ੈਸਲਾ ਕਰ ਲਿਆ। ਥੈਰਾਂ ਅਤੇ ਐਸ਼ਾਂ ਦੇ ਲੱਖ ਵਿਸ਼ਵਾਸ ਦੇਣ ਦੇ ਬਾਵਜ਼ੂਦ ਤੀਸਰੇ ਦਿਨ ਸਾਡਾ ਪਰਿਵਾਰ ਨਜ਼ਦੀਕੀ ਪਿੰਡ ਘੁੱਕੇਵਾਲ ਆਪਣੇ ਸ਼ਰੀਕੇ ਪਾਸ ਚਲਾ ਗਿਆ। ਵੈਸੇ ਵੀ ਉਥੇ ਗ਼ੈਰ ਮੁਸਲਿਮ ਲੋਕਾਂ ਦੀ ਅਕਸਰੀਅਤ ਸੀ। ਹੁਸੈਨ ਚੱਕ ਤੋਂ ਸਾਰੇ ਪਿੰਡ ਦੇ ਮੁਸਲਮਾਨ ਉਠ ਕੇ ਰਾਹੋਂ ਕੈਂਪ ਵਿੱਚ ਚਲੇ ਗਏ। ਅੰਦਰੋਂ ਬਾਹਰੋਂ ਕਿਸੇ ਨੇ ਹੱਲਾ ਕਰਨ ਦਾ ਹਿਆਂ ਨਾ ਕੀਤਾ ਕਿਓਂ, ਜੋ ਪਿੰਡ ਅਤੇ ਆਂਢ-ਗੁਆਂਢ ਉਨ੍ਹਾਂ ਦੀ ਪੂਰੀ ਸਰਦਾਰੀ ਅਤੇ ਧਾਂਕ ਸੀ।

ਹਾਂ ਮੁਸਲਮਾਨਾਂ ਵਲੋਂ ਪਿੰਡ ਖਾਲੀ ਕਰਨ ਉਪਰੰਤ ਲੁੱਟ ਖੋਹ ਦੀ ਬਿਰਤੀ ਵਾਲੀ ਭੜਕੀ ਹੋਈ ਭੀੜ ਨੇ ਉਨ੍ਹਾਂ ਵਲੋਂ ਛੱਡਿਆ ਸਮਾਨ ਲੁੱਟ ਕੇ ਘਰਾਂ ਨੂੰ ਅੱਗ ਲੱਗਾ ਦਿੱਤੀ। ਰੌਲਿਆਂ ਤੋਂ ਬਾਅਦ ਬਾਰ ਵਿੱਚੋਂ ਜੱਟ ਸਿੱਖ ਆ ਕੇ ਮੁਸਲਮਾਨਾਂ ਦੇ ਘਰਾਂ ਅਤੇ ਜ਼ਮੀਨਾਂ ਉਪਰ ਕਾਬਜ਼ ਹੋ ਗਏ। ਆਬਾਦਕਾਰਾਂ ਵਿੱਚ ਸੈਣੀ ਸਿੱਖਾਂ ਦੀ ਗਿਣਤੀ ਜ਼ਯਾਦਾ ਸੀ। ਉਨ੍ਹਾਂ 'ਚੋਂ ਜਥੇਦਾਰ ਬਖਸ਼ੀਸ਼ ਸਿੰਘ ਪਿੱਛੋਂ ਪਿੰਡ ਦਾ ਲੰਬੜਦਾਰ ਹੋਇਆ। ਮੇਰਾ ਛੋਟਾ ਭਰਾ ਦਰਸ਼ਣ ਵੀ ਕਬੱਡੀ ਦਾ ਨਾਮੀ ਖਿਡਾਰੀ ਬਣਿਆਂ। ਸੱਤਪਾਲ ਬੰਗੜ ਬੜਾ ਲਾਈਕ ਨੌਜਵਾਨ ਸੀ, ਜਿਨ੍ਹਾਂ ਪਿੱਛੋਂ ਹਾਈਕੋਰਟ ਦੇ ਜੱਜ ਬਣ ਕੇ ਪਿੰਡ ਦਾ ਨਾਮ ਚਮਕਾਇਆ।

ਮੇਰੇ ਨਾਨਕੇ ਪਿੰਡ ਮਹਾਲੋਂ-ਬੰਗਾ ਵਿੱਚ ਗੁੱਜਰ ਅਤੇ ਰਾਜਪੂਤ ਮੁਸਲਿਮ ਭਾਈਚਾਰੇ ਦਾ ਵਾਸ ਸੀ। ਹੱਲੇ ਪਏ ਤਾਂ ਉਹ ਹਿਫ਼ਾਜ਼ਤ ਲਈ, ਇਕ ਮੁਸਲਿਮ ਸੂਬੇਦਾਰ ਦੀ  ਹਵੇਲੀ 'ਚ ਕੱਠੇ ਹੋਏ। ਸੂਬੇਦਾਰ ਮੋਰਚੇ ਤੋਂ ਗੋਲੀ ਬਰਸਾਉਂਦਾ ਰਿਹਾ। ਆਖਿਰ ਉਸ ਦਾ ਅਸਲਾ ਖ਼ਤਮ ਹੋਣ ਤੇ ਗ਼ੈਰ ਮੁਸਲਿਮ ਭੀੜ ਵਲੋਂ ਹਵੇਲੀ ਉਪਰ ਹਮਲਾ ਕਰ ਦਿੱਤਾ। ਖ਼ੂਨ ਦੇ ਖ਼ੂਬ ਪਰਨਾਲੇ ਵਗੇ। ਭੜਕੀ ਭੀੜ ਨੇ ਜਵਾਨ ਔਰਤਾਂ ਤਾਈਂ ਬਦ ਸਲੂਕੀ ਕੀਤੀ। ਕਈਆਂ ਤਾਈਂ ਉਠਾ ਵੀ ਲਿਆ ਗਿਆ ਪਰ ਵਡੇਰਿਆਂ ਦੇ ਜ਼ੋਰ ਦੇਣ ਤੇ ਸੂਬੇਦਾਰ ਨੂੰ ਸਹੀ ਸਲਾਮਤ ਕੈਂਪ ਵਿੱਚ ਪਹੁੰਚਾਇਆ ਗਿਆ।

ਚਾਨੀਆਂ ਪਿੰਡ, ਰੌਲਿਆਂ ਤੋਂ ਬਾਅਦ ਜਿਥੇ ਮੈਂ ਵਿਆਹੀ ਗਈ, ਮੇਰੇ ਘਰ ਤਿੰਨ ਪੁੱਤਰ ਕ੍ਰਮਵਾਰ ਜੀਵਨ, ਪਵਨ, ਅਮਰਜੀਤ ਅਤੇ ਇੱਕ ਧੀ ਨੀਨਾ ਪੈਦਾ ਹੋਏ। ਬੇਟਾ ਪਵਨ ਚੜ੍ਹਦੀ ਉਮਰੇ ਚੜ੍ਹਾਈ ਕਰ ਗਿਆ। ਸਿਰ ਦਾ ਸਾਈਂ ਉਪਰੰਤ ਬੇਟਾ ਜੀਵਨ ਵੀ ਕੁੱਝ ਉਧੇੜ ਉਮਰ 'ਚ ਛੇਤੀ ਹੀ ਪਵਨ ਦੇ ਹਮਰਾਹ ਹੋ ਗਏ। ਬੇਟੀ ਆਪਣੇ ਘਰ ਰਾਜ਼ੀ ਬਾਜ਼ੀ ਹੈ। ਹੁਣ ਮੈਂ ਆਪਣੇ ਨੇਕ ਬਖ਼ਤ ਪੁੱਤਰ ਅਮਰਜੀਤ ਅਤੇ ਧੀਆਂ ਵਰਗੀ ਨੂੰਹ ਆਸ਼ਾ ਰਾਣੀ ਨਾਲ ਜੀਵਨ ਦੀ ਸ਼ਾਮ ਹੰਢਾਅ ਰਹੀ ਹਾਂ।
ਇਥੇ ਬਜ਼ੁਰਗਾਂ ਦੇ ਦੱਸਣ ਮੁਤਾਬਿਕ ਚਾਨੀਆਂ ਪਿੰਡ ਵਿੱਚ ਵੀ ਮੁਸਲਿਮ ਗੁੱਜਰ, ਵਡੇਰਿਆਂ ਦੇ ਨਾਮ ਕੂੜ ਅਤੇ ਚੂੜ੍ਹ। ਤੇਲੀਆਂ ਦਾ ਵਡੇਰਾ ਨਾਨਕ। ਮੋਚੀਆਂ ਦੇ ਵਡੇਰੇ ਅੱਕੂ ਅਤੇ ਰਲਾ਼ ਵਗੈਰਾ ਦੇ ਕੁੱਝ ਘਰ ਸਨ। ਪਿੰਡ ਦੇ ਵਡੇਰੇ ਉਨ੍ਹਾਂ ਨੂੰ ਬਾਇੱਜ਼ਤ ਨਕੋਦਰ ਕੈਂਪ ਵਿੱਚ ਆਪਣਿਆਂ ਗੱਡਿਆਂ ਤੇ ਛੱਡ ਕੇ ਆਏ। ਉਪਰੰਤ ਉਹ ਜ਼ਿਲ੍ਹਾ ਲੈਲਪੁਰ ਦੀ ਤਸੀਲ ਜੜ੍ਹਾਂ ਵਾਲਾ ਦੇ ਚੱਕ 54 ਗੋਗੇਰਾ ਬ੍ਰਾਂਚ ਵਿੱਚ ਪ੍ਰਵਾਸ ਕਰ ਗਏ।

ਤਕਲੀਫ਼ ਦੇਹ ਮਾੜਾ ਕੰਮ ਇਕ ਇਹ ਹੋਇਆ ਕਿ ਨਕੋਦਰ ਤੋਂ ਰੇਲ ਗੱਡੀ ਜੋ ਜਲੰਧਰ ਜਾ ਰਹੀ ਸੀ, ਪਿੰਡ ਰੇਲਵੇ ਲੈਨ 'ਤੇ ਹੋਣ ਕਾਰਨ ਪਿੰਡ ਦੀ ਇਕੱਤਰਤ ਭੜਕੀ ਭੀੜ ਵਲੋਂ ਰੁਕਵਾ ਕੇ, ਗੱਡੀ ਵਿੱਚ ਸਵਾਰ 3-4 ਮੁਸਲਿਮ ਭਰਾਈ ਪਰਿਵਾਰਾਂ (ਗਾਉਣ ਵਜਾਉਣ ਵਾਲੇ) ਨੂੰ ਤਲਵਾਰ ਦੇ ਜ਼ੋਰ ਨਾਲ ਕਤਲ ਕਰ ਦਿੱਤਾ। ਇਕ ਬਚ ਗਿਆ ਮੁੰਡਾ ਤਰਲੇ ਕਰੇ ਕਿ ਉਸ ਨੂੰ ਘਰ ਦਾ ਕਾਮਾ ਰੱਖ ਲਵੋ ਪਰ ਜਾਨ ਬਖਸ਼ ਦਿੱਤੀ ਜਾਵੇ। ਉਸ ਨੂੰ ਰੱਖ ਲਿਆ ਗਿਆ। ਪਰ ਤਦੋਂ ਹੀ ਬਦਮਾਸ਼ ਬਿਰਤੀ ਵਾਲਾ ਨੰਦੂ ਜੰਡਿਆਲਾ ਮੰਜਕੀ ਤੋਂ, ਜੋ ਆਪਣੇ ਪਿੰਡ ਦੇ ਗੋਕਲ ਕੇ ਦਾਸ ਦਾ ਸ਼ਰੀਕੇ 'ਚੋਂ ਸਾਲਾ ਸੀ ਨੇ, ਉਸ ਬੱਚੇ ਦੇ ਢਿੱਡ 'ਚ ਛੁਰਾ ਖੋਭ ਦਿੱਤਾ। ਫ਼ਿਰਕੂ ਹਨ੍ਹੇਰੀ ਤਦੋਂ ਸੱਭ ਪਾਸੇ ਅਸਰਦਾਰ ਸੀ। ਪਤਾ ਨਹੀਂ ਕਿਉਂ ਸਦੀਆਂ ਦੀ ਸਾਂਝ ਪਲਾਂ ਵਿਚ ਹੀ ਟੁੱਟ ਕੇ ਖ਼ੂਨ ਦਾ ਰੰਗ ਚਿੱਟਾ ਹੋ ਗਿਆ। ਜਿਸ ਦੀ ਹੁਣ ਤਕ ਸਜ਼ਾ ਭੁਗਤ ਰਹੇ ਹਾਂ। 

ਅਖੇ-"ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ।"

ਇਸ ਦੀ ਭਾਰੀ ਕੀਮਤ ਆਮ ਨਿਰਦੋਸ਼ ਲੋਕਾਂ ਨੂੰ ਚੁਕਾਉਣੀ ਪਈ। ਖ਼ਾਸ ਕਰ ਔਰਤ ਜ਼ਾਤ ਨੂੰ। ਵਾਹਿਗੁਰੂ ਮੁੜ ਕੇ ਅਜਿਹਾ ਭਿਆਨਕ ਸਮਾਂ ਨਾ ਦਿਖਾਏ। ਯਾ ਰੱਬ! ਫਿਰ ਕਦੇ ਸ਼ਕੁੰਤਲਾ-ਥੈਰਾਂ-ਐਸ਼ਾਂ ਦਾ ਮੁੜ ਮਿਲਾਪ ਹੋਜੇ।" 

ਸਤਵੀਰ ਸਿੰਘ ਚਾਨੀਆਂ
  92569-73526


rajwinder kaur

Content Editor

Related News