''ਬੁਲੇਟ ਸਾਈਲੈਂਸਰਾਂ ਦੇ ਚਲਾਨ ''ਤੇ ਰਿਪੀਟ ਆਫੈਂਡਰਾਂ ਦਾ ਕੋਰਟ ਹਜ਼ਾਰ ਰੁਪਏ ਕਰੇ ਚਲਾਨ''

04/20/2018 2:25:59 PM

ਚੰਡੀਗੜ੍ਹ (ਬਰਜਿੰਦਰ) : ਚੰਡੀਗੜ੍ਹ ਦੀਆਂ ਸੜਕਾਂ 'ਤੇ ਡੁਗ-ਡੁਗ ਦੀ ਤੇਜ਼ ਆਵਾਜ਼ ਤੇ ਪਟਾਕੇ ਵਜਾਉਣ ਵਾਲੇ ਸਾਈਲੈਂਸਰਾਂ ਵਾਲੇ ਬੁਲੇਟ ਮੋਟਰਸਾਈਕਲਾਂ 'ਤੇ ਨਕੇਲ ਪਾਉਣ ਲਈ ਹਾਈਕੋਰਟ ਵਿਚ ਦਰਜ ਪਟੀਸ਼ਨ 'ਤੇ ਵੀਰਵਾਰ ਨੂੰ ਸੁਣਵਾਈ ਹੋਈ। ਇਸ ਦੌਰਾਨ ਹਾਈਕੋਰਟ ਨੇ ਪਾਇਆ ਕਿ ਵਿਚ-ਵਿਚ ਕੁਝ ਸਮੇਂ ਲਈ ਬੁਲੇਟ ਮੋਟਰਸਾਈਕਲ ਦੀਆਂ ਤੇਜ਼ ਆਵਾਜ਼ਾਂ 'ਚ ਕਮੀ ਆਈ ਸੀ ਪਰ ਫਿਰ ਇਹ ਰੌਲਾ ਸੁਣਾਈ ਦੇਣ ਲੱਗਾ ਹੈ। ਇਹੀ ਕਾਰਨ ਹੈ ਕਿ ਉਹ ਕੇਸ ਦਾ ਨਿਬੇੜਾ ਨਹੀਂ ਕਰ ਰਹੇ। ਉਥੇ ਹੀ ਹਾਈਕੋਰਟ ਦੇ ਪਹਿਲੇ ਹੁਕਮਾਂ 'ਤੇ ਲਿਆਂਦੀ ਗਈ ਬੁਲੇਟ ਮੋਟਰਸਾਈਕਲ ਸਾਈਲੈਂਸਰਾਂ ਦੇ ਚਲਾਨਾਂ ਦੀ ਫਾਈਲ ਹਾਈਕੋਰਟ ਨੇ ਚੰਡੀਗੜ੍ਹ ਜ਼ਿਲਾ ਕੋਰਟ ਨੂੰ ਵਾਪਸ ਕਰਦੇ ਹੋਏ ਹੁਕਮ ਦਿੱਤੇ ਕਿ ਸਬੰਧਤ ਆਫੈਂਸ ਨੂੰ ਇਕ ਵਾਰ ਤੋਂ ਜ਼ਿਆਦਾ (ਰਿਪੀਟ) ਅੰਜਾਮ ਦੇਣ 'ਤੇ ਹੇਠਲਾ 1 ਹਜ਼ਾਰ ਰੁਪਏ ਚਲਾਨ ਕਰੋ। ਇਹ ਹੱਦ 2 ਹਜ਼ਾਰ ਰੁਪਏ ਤਕ ਹੈ।  ਉਥੇ ਹੀ ਸਾਈਲੈਂਸਰਾਂ ਦੇ ਪਹਿਲੀ ਵਾਰੀ ਦੇ ਚਲਾਨ ਦੀ ਹੱਦ 1 ਹਜ਼ਾਰ ਰੁਪਏ ਤਕ ਹੈ, ਜਿਸ 'ਤੇ ਜ਼ਿਲਾ ਕੋਰਟ ਕੋਲ ਪੂਰੀ ਪਾਵਰ ਹੈ ਕਿ ਉਹ ਕਿੰਨੇ ਦਾ ਚਲਾਨ ਕਰਦੀ ਹੈ। ਇਸ ਤੋਂ ਪਹਿਲਾਂ ਯੂ. ਟੀ. ਕੌਂਸਲ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਟ੍ਰੈਫਿਕ ਪੁਲਸ ਤਾਂ ਨਿਯਮਾਂ ਤਹਿਤ ਹੀ ਚਲਾਨ ਕਰਦੀ ਹੈ ਪਰ ਜ਼ਿਲਾ ਅਦਾਲਤ ਵਿਚ 200-300 ਰੁਪਏ 'ਚ ਸਬੰਧਤ ਆਫੈਂਸ ਦਾ ਚਲਾਨ ਛੁੱਟ ਜਾਂਦਾ ਹੈ। ਹਾਈਕੋਰਟ ਨੇ ਮਾਮਲੇ 'ਚ ਰੀਪੀਟ ਆਫੈਂਡਰਾਂ ਦੀ ਜਾਣਕਾਰੀ ਦੇਣ ਦੇ ਹੁਕਮ ਜਾਰੀ ਕੀਤੇ ਹਨ।  ਮਾਮਲੇ 'ਚ ਅਗਲੀ ਸੁਣਵਾਈ 22 ਮਈ ਨੂੰ ਹੋਵੇਗੀ।   


Related News