ਹਾਈਕੋਰਟ ਦੇ ਹੁਕਮਾਂ ਦੀਆਂ ਉੱਡ ਰਹੀਆਂ ਧੱਜੀਆਂ

Tuesday, Aug 01, 2017 - 12:28 AM (IST)

ਜਲਾਲਾਬਾਦ(ਬੰਟੀ)—ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰੇਤ ਦੀ ਨਿਕਾਸੀ 'ਤੇ ਲਾਈ ਪਾਬੰਦੀ ਦੇ ਬਾਵਜੂਦ ਰੇਤ ਮਾਫੀਆ ਕਈ ਨਾਜਾਇਜ਼ ਖੱਡੇ ਚਲਾ ਕੇ ਕਿਸ ਤਰ੍ਹਾਂ ਨਾਲ ਚੋਰੀ ਰੇਤ ਦੀ ਨਿਕਾਸੀ ਕਰ ਰਹੇ ਹਨ। ਇਸਦੀ ਉਦਾਹਰਣ ਸ਼ਹਿਰ ਅੰਦਰ ਚੱਲ ਰਹੇ ਨਿਰਮਾਣ ਕਾਰਜਾਂ ਤੋਂ ਵੇਖਣ ਨੂੰ ਮਿਲਦੀ ਹੈ। ਸ਼ਹਿਰ ਅੰਦਰ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਨਿਰਮਾਣ ਕੰਮ ਇਹ ਵਿਖਾਉਂਦੇ ਹਨ ਕਿ ਅਦਾਲਤ ਵੱਲੋਂ ਨਾਜਾਇਜ਼ ਮਾਈਨਿੰਗ 'ਤੇ ਲਾਈ ਗਈ ਪਾਬੰਦੀ ਦੇ ਬਾਵਜੂਦ ਪ੍ਰਸ਼ਾਸਨ ਦੀ ਨੱਕ ਥੱਲੇ ਰੇਤ ਦੀ ਨਿਕਾਸੀ ਦਾ ਕਾਲਾ ਕਾਰੋਬਾਰ ਕਿਸ ਤਰ੍ਹਾਂ ਧੜੱਲੇ ਨਾਲ ਜਾਰੀ ਹੈ। ਜ਼ਿਲਾ ਫਿਰੋਜ਼ਪੁਰ ਤੇ ਫਾਜ਼ਿਲਕਾ 'ਚ ਚਿੱਟੇ ਦਿਨ ਹੀ ਨਾਜਾਇਜ਼ ਤੌਰ 'ਤੇ ਕੱਢੀ ਜਾ ਰਹੀ ਰੇਤਾ ਦੀਆਂ ਸ਼ਿਕਾਇਤਾਂ 'ਤੇ ਸਾਡੀ ਟੀਮ ਨੇ ਜਦ ਫਿਰੋਜ਼ਪੁਰ-ਫਾਜ਼ਿਲਕਾ ਮੇਨ ਰੋਡ ਦਾ ਦੌਰਾ ਕੀਤਾ ਤਾਂ ਉਥੇ ਸ਼ਰ੍ਹੇਆਮ ਕਾਨੂੰਨ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਕੁਝ ਹੀ ਮਿੰਟਾਂ 'ਚ ਦਰਜਨਾਂ ਓਵਰਲੋਡ ਟਰੈਕਟਰ-ਟਰਾਲੀਆਂ ਵਾਲੇ ਬੇਖੌਫ ਜਾ ਰਹੇ ਸਨ ਤੇ ਉਨ੍ਹਾਂ ਦੇ ਟਰੈਕਟਰਾਂ ਉਪਰ ਨੰਬਰ ਪਲੇਟ ਵੀ ਨਹੀਂ ਲੱਗੀ ਸੀ। ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਪੁਲਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਸਖਤੀ ਨੂੰ ਵੇਖਦਿਆਂ ਹੁਣ ਰੇਤ ਮਾਫੀਆ ਵੱਲੋਂ ਰੇਤ ਨੂੰ ਸਹੀ ਠਿਕਾਣੇ 'ਤੇ ਪਹੁੰਚਾਉਣ ਲਈ ਰੇਹੜਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਕਿਸ ਨੇ ਪੁਛਣਾ, ਜਦ ਇਸ ਸਬੰਧੀ ਇਕ ਰੇਹੜਾ ਚਾਲਕ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਸਾਨੂੰ ਤਾਂ ਆਪਣੀ 100 ਰੁਪਏ ਦੀ ਮਜ਼ਦੂਰੀ ਨਾਲ ਮਤਲਬ ਹੈ, ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹ ਕਿਨਾ ਵੱਡਾ ਕ੍ਰਾਇਮ ਕਰ ਰਹੇ ਹਨ। 
3200 ਤੋਂ ਲੈ ਕੇ 4 ਹਜ਼ਾਰ ਰੁਪਏ ਤੱਕ ਵੇਚੀ ਜਾ ਰਹੀ ਰੇਤ ਦੀ ਟਰਾਲੀ
ਰੇਤ ਦੀ ਨਿਕਾਸੀ 'ਤੇ ਲੱਗੀ ਰੋਕ ਤੋਂ ਪਹਿਲਾਂ ਜਿਥੇ ਰੇਤ ਦੀ ਟਰਾਲੀ 1 ਹਜ਼ਾਰ ਤੋਂ ਲੈ ਕੇ 1200 ਰੁਪਏ ਤੱਕ ਮਿਲ ਜਾਂਦੀ ਸੀ, ਉਥੇ ਹੀ ਹੁਣ ਰੇਤ ਦੀ ਟਰਾਲੀ 3200 ਤੋਂ ਲੈ ਕੇ 4 ਹਜ਼ਾਰ ਰੁਪਏ ਤੱਕ ਵੇਚ ਕੇ ਰੇਤ ਮਾਫੀਆ ਚੋਖਾ ਮੁਨਾਫਾ ਕਮਾ ਰਹੇ ਹਨ। 
ਰੇਤ ਮਾਫੀਆ ਨਾਲ ਨਿਪਟਣਾ ਪੁਲਸ ਲਈ ਵੱਡੀ ਚੁਣੌਤੀ
ਹਾਲਾਂਕਿ ਪੁਲਸ ਪ੍ਰਸ਼ਾਸਨ ਵੱਲੋਂ ਚੋਰੀ ਨਾਲ ਰੇਤ ਦੀ ਨਿਕਾਸੀ ਦੇ ਕਈ ਮਾਮਲੇ ਦਰਜ਼ ਕਰ ਕੇ ਰੇਤ ਦੀਆਂ ਭਰੀਆਂ ਟਰਾਲੀਆਂ ਨੂੰ ਕਬਜ਼ੇ 'ਚ ਲਿਆ ਗਿਆ ਹੈ ਪਰ ਮਾਈਨਸ ਐਂਡ ਮਿਨਰਲਜ਼ ਐਕਟ ਜ਼ਮਾਨਤ ਯੋਗ ਹੋਣ ਕਾਰਨ ਰੇਤ ਮਾਫੀਆ ਜ਼ਮਾਨਤ 'ਤੇ ਬਾਹਰ ਆ ਜਾਂਦੇ ਹਨ ਅਤੇ ਰੇਤ ਮਾਫੀਆਂ ਦੇ ਹੌਸਲੇ ਵੀ ਪੂਰੀ ਤਰ੍ਹਾਂ ਨਾਲ ਬੁਲੰਦ ਹਨ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਨਾਲ ਨਿਪਟਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। 


Related News