ਬਹਿਬਲ ਕਲਾ ਗੋਲੀਕਾਂਡ : ਮੁੱਖ ਗਵਾਹ ਦੀ ਪਤਨੀ ਵਲੋਂ 2 ਮੰਤਰੀਆਂ ਵਿਰੁੱਧ ਹਾਈ ਕੋਰਟ ’ਚ ਰਿੱਟ

02/20/2020 6:24:16 PM

ਜੈਤੋ (ਵੀਰਪਾਲ/ਗੁਰਮੀਤਪਾਲ) - ਬਹਿਬਲ ਕਲਾ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਵਲੋਂ ਮਾਲਵੇ ਦੇ ਕੈਬਨਿਟ ਮੰਤਰੀਆਂ ’ਤੇ ਦੋਸ਼ ਲਾਉਂਦੇ ਹੋਏ ਉਨ੍ਹਾਂ ਵਿਰੁੱਧ ਹਾਈ ਕੋਰਟ ’ਚ ਰਿੱਟ ਪਾਈ ਗਈ ਹੈ। ਜਸਵੀਰ ਕੌਰ ਨੇ ਕਿਹਾ ਇਨ੍ਹਾਂ ਮੰਤਰੀਆਂ ਦੀ ਸ਼ਹਿ ’ਤੇ ਦੋਸ਼ੀ ਜੇਲਾਂ ਤੋਂ ਬਾਹਰ ਘੁੰਮ ਰਹੇ ਹਨ। ਪੁਲਸ ਵਲੋਂ ਬਿਜਲੀ ਬੋਰਡ ਦੇ ਕੁਝ ਮੁਲਾਜ਼ਮਾਂ ਨੂੰ ਕੇਸ ’ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਤਾਂ ਕੀ ਕਰਨਾ, ਉਨ੍ਹਾਂ ਦੇ ਅਸਲਾ ਲਾਇਸੈਂਸ ਵੀ ਰੱਦ ਨਹੀਂ ਕੀਤੇ ਗਏ। ਇਸ ਕਾਰਣ ਮੈਂ ਅਤੇ ਮੇਰਾ ਪਰਿਵਾਰ ਡਰ ਦੇ ਮਾਹੌਲ ’ਚ ਜ਼ਿੰਦਗੀ ਬਤੀਤ ਕਰ ਰਿਹਾ ਹੈ।

ਪੰਜਾਬ ਸਰਕਾਰ ’ਤੇ ਦੋਸ਼ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਤਾਰਾਂ ਘਰ ਤੋਂ ਪਾਸੇ ਕੱਢਣ ਲਈ ਬਿਜਲੀ ਮਹਿਕਮੇ ਨੂੰ ਦੇਣ ਲਈ ਪੰਜਾਬ ਸਰਕਾਰ ਨੇ 20 ਹਜ਼ਾਰ ਰੁਪਏ ਅਤੇ ਸੁਰੱਖਿਆ ਗਾਰਡ ਦਿੱਤੇ ਗਏ ਸਨ। ਅਸੀਂ ਤਾਂ ਪਹਿਲਾਂ ਹੀ ਦੁੱਖੀ ਹਾਂ। ਮੇਰਾ ਪਤੀ ਹਰ ਸਮੇਂ ਦਿਮਾਗੀ ਟੈਨਸ਼ਨ ’ਚ ਰਹਿੰਦਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਤੋਂ ਬਾਅਦ ਸਰਕਾਰ ਨੇ ਸਾਡੀ ਸਾਰ ਨਹੀਂ ਲਈ। ਪੰਜਾਬ ਦੇ ਮੁੱਖ ਮੰਤਰੀ ਨਾਲ ਮੇਰੀ ਇਕ ਮੀਟਿੰਗ ਹੋਈ ਹੈ। ਜਦ ਦੂਸਰੀ ਮੀਟਿੰਗ ਹੋਵੇਗੀ ਤਾਂ ਮੈਂ ਬਿਜਲੀ ਦੀ ਤਾਰਾਂ ਘਰ ਤੋਂ ਪਾਸੇ ਕਰਵਾਉਣ ਲਈ ਮਹਿਕਮੇ ਨੂੰ ਦਿੱਤੇ 20 ਹਜ਼ਾਰ ਰੁਪਏ ਵਾਪਸ ਕਰ ਦੇਵਾਂਗੀ। ਜਦ ਇਨਸਾਫ਼ ਨਹੀਂ ਕਰਨਾ ਤਾਂ ਮੈਂ ਪੈਸਿਆਂ ਤੋਂ ਕੀ ਲੈਣਾ ਹੈ।


rajwinder kaur

Content Editor

Related News