160 ਗ੍ਰਾਮ ਹੈਰੋਇਨ, 1564 ਨਸ਼ੇ ਵਾਲੀਆਂ ਗੋਲੀਆਂ ਸਮੇਤ 5 ਮੁਲਜ਼ਮ ਕਾਬੂ
Friday, Aug 03, 2018 - 06:13 AM (IST)

ਜਲੰਧਰ, (ਕਮਲੇਸ਼)— ਜਲੰਧਰ ਦਿਹਾਤ ਪੁਲਸ ਨੇ ਦੋ ਵੱਖ-ਵਖ ਮਾਮਲਿਆਂ ਵਿਚ ਹੈਰੋਇਨ ਅਤੇ ਨਸ਼ੇ ਵਾਲੀਆਂ ਗੋਲੀਆਂ ਸਮੇਤ 5 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਐੱਸ. ਐੱਸ. ਪੀ. ਨਵਜੋਤ ਮਾਹਲ ਨੇ ਦੱਸਿਆ ਕਿ ਏ. ਐੱਸ. ਆਈ. ਵਿਪਨ ਕੁਮਾਰ ਨੇ ਅੱਡਾ ਕੁਲਾਰ ਵਿਖੇ ਨਾਕਾਬੰਦੀ ਦੌਰਾਨ ਜਦੋਂ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 160 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਸੁਲਤਾਨਪੁਰ ਲੋਧੀ ਵਜੋਂ ਹੋਈ। ਉਸ ਵਿਰੁੱਧ ਨਕੋਦਰ ਦੇ ਥਾਣਾ ਸਦਰ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਸ ਵੱਲੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਾਰ੍ਹਵੀਂ ਤੱਕ ਪੜ੍ਹਿਆ ਲਖਵਿੰਦਰ ਖੇਤੀਬਾੜੀ ਦਾ ਕੰਮ ਕਰਦਾ ਸੀ। ਪੈਸਿਆਂ ਦੇ ਲਾਲਚ ਵਿਚ ਉਹ ਦਿੱਲੀ ਤੋਂ ਸਸਤੇ ਮੁੱਲ ’ਤੇ ਹੈਰੋਇਨ ਲਿਆ ਕੇ ਜਲੰਧਰ ਦਿਹਾਤੀ ਇਲਾਕਿਆਂ ਵਿਚ ਸਪਲਾਈ ਕਰਨ ਲੱਗਾ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਲਖਵਿੰਦਰ ਦੇ ਦਿੱਲੀ ਵਿਚ ਰਹਿਣ ਵਾਲੇ ਡਰੱਗ ਪੈਡਲਰਜ਼ ਨਾਲ ਸੰਪਰਕ ਸਨ। ਉਹ ਉਨ੍ਹਾਂ ਕੋਲੋਂ ਹੀ ਹੈਰੋਇਨ ਲਿਆਂਦਾ ਸੀ।
ਦੂਜੇ ਮਾਮਲੇ ਵਿਚ ਏ. ਐੱਸ. ਆਈ. ਕ੍ਰਿਸ਼ਨ ਗੋਪਾਲ ਨੇ ਕਪੂਰ ਪਿੰਡ ਜੈਤੋਵਾਲੀ ਪੁਲੀ ਤੋਂ 4 ਨਸ਼ੇ ਵਾਲੀਆਂ ਦਵਾਈਆਂ ਦੇ ਸਮੱਗਲਰਾਂ ਨੂੰ 1564 ਨਸ਼ੇ ਵਾਲੀਆਂ ਦਵਾਈਆਂ ਸਮੇਤ ਕਾਬੂ ਕੀਤਾ। ਇਨ੍ਹਾਂ ਵਿਚ 1300 ਟੈਬਲੇਟਸ ਅਤੇ 264 ਕੈਪਸੂਲ ਸ਼ਾਮਲ ਹਨ। ਮੁਲਜ਼ਮਾਂ ਕੋਲੋਂ ਇਕ ਮੋਟਰ ਗੱਡੀ ਵੀ ਬਰਾਮਦ ਹੋਈ ਹੈ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਡਿੰਪਲ ਕੁਮਾਰ ਪੁੱਤਰ ਰਤਨ ਚੰਦ ਵਾਸੀ ਮਹਾਰਾਜਾ ਰਣਜੀਤ ਸਿੰਘ ਨਗਰ ਹੁਸ਼ਿਆਰਪੁਰ, ਰਾਜ ਕੁਮਾਰ ਵਿੱਕੀ ਪੁੱਤਰ ਸਰਦਾਰੀ ਲਾਲ ਵਾਸੀ ਸਲਵਾੜਾ ਚਿੰਤਪੂਰਨੀ ਹੁਸ਼ਿਆਰਪੁਰ, ਅਵਤਾਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭਵਾਨੀ ਨਗਰ ਹੁਸ਼ਿਆਰਪੁਰ ਅਤੇ ਰਾਜਿੰਦਰ ਮਸੀਹ ਪੁੱਤਰ ਨਸ਼ਤਾਰ ਮਸੀਹ ਵਾਸੀ ਮੁਹੱਲਾ ਕਮਲਪੁਰ ਹੁਸ਼ਿਆਰਪੁਰ ਵਜੋਂ ਹੋਈ ਹੈ।
ਦਵਾਈਆਂ ਦੀ ਸਮੱਗਲਿੰਗ ਦਾ ਲੀਡਰ ਸੀ ਮੈਡੀਕਲ ਸਟੋਰ ਚਲਾਉਣ ਵਾਲਾ ਡਿੰਪਲ ਬਾਰ੍ਹਵੀਂ ਜਮਾਤ ਤੱਕ ਪੜ੍ਹਿਆ ਡਿੰਪਲ ਹੁਸ਼ਿਆਰਪੁਰ ਵਿਚ ਆਪਣਾ ਮੈਡੀਕਲ ਸਟੋਰ ਚਲਾਉਂਦਾ ਸੀ। ਇਸ ਕਾਰਨ ਉਸ ਨੂੰ ਦਵਾਈਆਂ ਦੇ ‘ਸਾਲਟ’ ਬਾਰੇ ਪੂਰੀ ਜਾਣਕਾਰੀ ਸੀ। ਇਸੇ ਕਾਰਨ ਉਹ ਨਸ਼ੇ ਵਾਲੀਆਂ ਦਵਾਈਆਂ ਦੀ ਸਮੱਗਲਿੰਗ ਕਰਨ ਵਾਲੇ ਮੁਲਜ਼ਮਾਂ ਦਾ ਲੀਡਰ ਸੀ। ਉਹ ਨਸ਼ੇ ਵਾਲੀਆਂ ਦਵਾਈਆਂ ਨੂੰ ਦਿੱਲੀ ਦੀ ਆਜ਼ਾਦ ਸਬਜ਼ੀ ਮੰਡੀ ਤੋਂ ਲੈ ਕੇ ਆਉਂਦਾ ਸੀ।