ਢਾਈ ਕਰੋੜ ਦੀ ਹੈਰੋਇਨ ਸਮੇਤ ਪ੍ਰੇਮੀ ਜੋੜਾ ਗ੍ਰਿਫਤਾਰ

01/25/2020 8:25:23 PM

ਲੁਧਿਆਣਾ,(ਅਨਿਲ): ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਇਕ ਪ੍ਰੇਮੀ ਜੋੜੇ ਨੂੰ ਢਾਈ ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ  ਹੈ। ਜਿਸ ਸਬੰਧੀ ਅੱਜ ਐਸ. ਟੀ. ਐਫ. ਦੇ ਲੁਧਿਆਣਾ ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇਕ ਵਿਅਕਤੀ ਤੇ ਮਹਿਲਾ ਕਾਰ 'ਚ ਸਵਾਰ ਹੋ ਕੇ ਸਾਹਨੇਵਾਲ 'ਚ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਕਰਨ ਆ ਰਹੇ ਹਨ। ਜਿਸ 'ਤੇ ਪੁਲਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਸਫੇਦ ਰੰਗ ਦੀ ਕਾਰ ਨੂੰ ਚੈਕਿੰਗ ਲਈ ਰੋਕਿਆ, ਜਦ ਪੁਲਸ ਨੇ ਉਕਤ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੀ ਡਰਾਈਵਰ ਸੀਟ ਪਿੱਛੋਂ 560 ਗ੍ਰਾਮ ਹੈਰੋਇਨ, ਇਕ ਇਲੈਕਟ੍ਰਾਨਿਕ ਕਾਂਟਾ ਤੇ 60 ਖਾਲੀ ਲਿਫਾਫੇ ਬਰਾਮਦ ਕੀਤੇ ਗਏ। ਪੁਲਸ ਨੇ ਤੁਰੰਤ ਦੋਵਾਂ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਅਮਿਤਪ੍ਰੀਤ ਸਿੰਘ ਰੋਬੀ (31) ਪੁੱਤਰ ਗੁਰਮੀਤ ਸਿੰਘ ਵਾਸੀ ਪਟਿਆਲਾ ਅਤੇ ਮਹਿਲਾ ਲਕਸ਼ਮੀ ਸਿੰਘ ਮੁਸਕਾਨ (37) ਪਤਨੀ ਦੀਪਕ ਸਿੰਘ ਵਾਸੀ ਐਨ. ਆਰ. ਆਈ. ਕਾਲੋਨੀ ਦੋਰਾਹਾ ਦੇ ਰੂਪ 'ਚ ਕੀਤੀ ਗਈ। ਦੋਵਾਂ ਦੋਸ਼ੀਆਂ ਖਿਲਾਫ ਮੋਹਾਲੀ ਐਸ. ਟੀ. ਐਫ. ਪੁਲਸ ਸਟੇਸ਼ਨ 'ਚ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News