ਦਸੰਬਰ ''ਚ ਫਿਰ ਨੀਲਾਮ ਹੋਵੇਗਾ ਚੰਡੀਗੜ੍ਹ ਦਾ ''ਹੈਰੀਟੇਜ ਫਰਨੀਚਰ''
Saturday, Nov 24, 2018 - 11:55 AM (IST)

ਚੰਡੀਗੜ੍ਹ : ਜਿਸ ਫਰਨੀਚਰ ਦੀ ਚੰਡੀਗੜ੍ਹ ਪ੍ਰਸ਼ਾਸਨ ਨੇ ਕਦੇ ਕਦਰ ਨਹੀਂ ਕੀਤੀ, ਅੱਜ ਉਸ ਦੀ ਹੀ ਵਿਦੇਸ਼ਾਂ 'ਚ ਲੱਖਾਂ ਰੁਪਏ 'ਚ ਬੋਲੀ ਲਾਈ ਜਾ ਰਹੀ ਹੈ। ਆਕਸ਼ਨ 'ਚ ਜੋ ਫਰਨੀਚਰ ਰੱਖਿਆ ਗਿਆ ਹੈ, ਉਹ ਕਿਸੇ ਸਮੇਂ ਪੰਜਾਬ ਯੂਨੀਵਰਸਿਟੀ, ਪ੍ਰਸ਼ਾਸਨੀ ਬਿਲਡਿੰਗ ਅਤੇ ਹਾਈਕੋਰਟ ਦਾ ਸੀ। ਧਿਆਨਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਤੋਂ ਲੈ ਕੇ ਮਿਨਿਸਟਰੀ ਤੱਕ ਸ਼ਿਕਾਇਤ ਪੁੱਜਣ ਦੇ ਬਾਵਜੂਦ ਸ਼ਹਿਰ ਦੇ ਹੈਰੀਟੇਜ ਫਰਨੀਚਰ ਦੀ ਵਿਦੇਸ਼ਾਂ 'ਚ ਨੀਲਾਮੀ ਜਾਰੀ ਹੈ। ਫਰੈਂਚ ਆਰਕੀਟੈਕਟ ਪਿਅਰੇ ਜੈਨਰੇ ਵਲੋਂ ਡਿਜ਼ਾਈਨ ਕੀਤੀਆਂ ਗਈਆਂ ਪੰਜ ਫਰਨੀਚਰ ਆਈਟਮਾਂ ਨੂੰ 11 ਦਸੰਬਰ ਨੂੰ ਸ਼ਿਕਾਗੋ 'ਚ ਨੀਲਾਮ ਕੀਤਾ ਜਾਵੇਗਾ।
ਆਕਸ਼ਨ ਤਾਂ ਹੁੰਦੀ ਰਹਿੰਦੀ ਹੈ ਪਰ ਇਸ ਆਕਸ਼ਨ ਦੀ ਸ਼ਹਿਰ ਦੇ ਲੋਕਾਂ ਵਲੋਂ ਇਸ ਲਈ ਆਲੋਚਨਾ ਕੀਤੀ ਜਾ ਰਹੀ ਹੈ ਕਿ ਨੀਲਾਮੀ 'ਚ ਜੋ ਫਰਨੀਚਰ ਰੱਖਿਆ ਗਿਆ ਹੈ, ਉਹ ਕਿਸੇ ਸਮੇਂ ਚੰਡੀਗੜ੍ਹ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੀ ਸ਼ੋਭਾ ਵਧਾਉਂਦਾ ਸੀ। ਵਾਰ-ਵਾਰ ਹੋ ਰਹੀ ਇਸ ਆਕਸ਼ਨ ਤੋਂ ਇਹ ਗੱਲ ਪੂਰੀ ਤਰ੍ਹਾਂ ਸਾਬਿਤ ਹੋ ਗਈ ਕਿ ਪਿਅਰੇ ਜੈਨਰੇ ਦੇ ਚੰਡੀਗੜ੍ਹ 'ਚ ਦਿੱਤੇ ਗਏ ਯੋਗਦਾਨ ਦੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੋਈ ਫਿਕਰ ਨਹੀਂ ਹੈ। ਗੈਰ-ਕਾਨੂਨੀ ਤਰੀਕੇ ਨਾਲ ਚੰਡੀਗੜ੍ਹ ਤੋਂ ਵਿਦੇਸ਼ਾਂ 'ਚ ਭੇਜੇ ਜਾ ਰਹੇ ਫਰਨੀਚਰ ਦੀ ਸ਼ਿਕਾਇਤ ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਤਕ ਨੂੰ ਕੀਤੀ ਜਾ ਚੁੱਕੀ ਹੈ। ਇਸ ਸ਼ਿਕਾਇਤ 'ਚ ਚੰਡੀਗੜ੍ਹ ਵਲੋਂ ਫਰਨੀਚਰ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਤੱਕ ਭੇਜਣ ਦੀ ਜ਼ਿਆਦਾ ਸੰਭਾਵਨਾ ਜਤਾਈ ਗਈ ਹੈ।