ਵਿਰਾਸਤੀ ਸ਼ੀਸ਼ ਮਹਿਲ ''ਚ ਖੇਤਰੀ ਸਰਸ ਮੇਲੇ ਦਾ ਧੂਮ-ਧੜੱਕੇ ਨਾਲ ਆਗਾਜ਼

Thursday, Feb 22, 2018 - 08:12 AM (IST)

ਪਟਿਆਲਾ (ਜੋਸਨ, ਪ੍ਰਤਿਭਾ) - ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਵਿਖੇ ਖੇਤਰੀ ਸਰਸ ਮੇਲਾ-2018 ਦਾ ਆਗਾਜ਼ ਅੱਜ ਧੂਮ-ਧੜੱਕੇ ਨਾਲ ਹੋ ਗਿਆ। ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਨੇ ਇਸ ਮੇਲੇ ਦਾ ਉਦਘਾਟਨ ਰਿਬਨ ਕੱਟ ਕੇ ਤੇ ਨਗਾਰਾ ਵਜਾ ਕੇ ਕੀਤਾ। ਇਸ ਸਮੇਂ ਮੇਲੇ 'ਚ ਪੁੱਜਣ 'ਤੇ ਉਨ੍ਹਾਂ ਦਾ ਬੀਨ-ਵਾਜੇ ਤੇ ਰਵਾਇਤੀ ਲੋਕ ਨਾਚ ਨਾਲ ਸਵਾਗਤ ਕੀਤਾ। ਇਸ ਦੌਰਾਨ ਆਪਣੇ ਸੰਬੋਧਨ 'ਚ ਸ਼੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਦਿਹਾਤੀ ਵਿਕਾਸ ਏਜੰਸੀ ਵੱਲੋਂ ਕੇਂਦਰੀ ਦਿਹਾਤੀ ਵਿਕਾਸ ਮੰਤਰਾਲਾ, ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਅਤੇ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਖੇਤਰੀ ਸਰਸ ਮੇਲੇ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਸ਼ਿਲਪਕਾਰਾਂ ਸਮੇਤ ਸਵੈ-ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨੂੰ ਸਵੈ-ਰੋਜ਼ਗਾਰ ਅਤੇ ਆਪਣੀਆਂ ਹੱਥੀਂ ਬਣਾਈਆਂ ਵਸਤਾਂ, ਫ਼ੁਲਕਾਰੀ, ਚਿੱਕਨ ਸੂਟ, ਲੋਹੇ, ਬਾਂਸ ਤੇ ਲੱਕੜ ਦਾ ਫਰਨੀਚਰ, ਮਿੱਟੀ ਦੇ ਭਾਂਡੇ, ਆਚਾਰ ਤੇ ਖਾਣ-ਪੀਣ ਦਾ ਸਾਜ਼ੋ-ਸਾਮਾਨ ਆਦਿ ਵੇਚਣ ਲਈ ਪਟਿਆਲਾ ਵਿਖੇ ਇਕ ਵੱਡਾ ਮੰਚ ਪ੍ਰਦਾਨ ਕੀਤਾ ਹੈ। ਸ਼੍ਰੀਮਤੀ ਪ੍ਰਨੀਤ ਕੌਰ ਨੇ ਅੱਜ ਮਾਤ ਭਾਸ਼ਾ ਦਿਵਸ ਮੌਕੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਮੇਲੇ ਲਈ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਜਿਹੇ ਮੇਲੇ ਹਰ ਵਰ੍ਹੇ ਲਵਾਏ ਜਾਣਗੇ। ਉਨ੍ਹਾਂ ਨੇ ਪਟਿਆਲਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੇਲੇ ਦਾ ਖ਼ੂਬ ਲਾਭ ਲੈਣ ਤਾਂ ਕਿ ਇਥੇ ਪੁੱਜੇ ਕਲਾਕਾਰਾਂ ਸਮੇਤ ਸ਼ਿਲਪਕਾਰਾਂ ਨੂੰ ਉਤਸ਼ਾਹ ਮਿਲੇ। ਇਸ ਮੌਕੇ ਆਈ. ਟੀ. ਆਰ. ਐੱਚ. ਡੀ. ਦੇ ਚੇਅਰਮੈਨ ਤੇ ਸਾਬਕਾ ਆਈ. ਏ. ਐੱਸ. ਸ਼੍ਰੀ ਐੱਸ. ਕੇ. ਮਿਸ਼ਰਾ ਨੇ ਕਿਹਾ ਕਿ ਅਜਿਹੇ ਮੇਲੇ ਦਿਹਾਤੀ ਖੇਤਰਾਂ ਦੇ ਸ਼ਿਲਪਕਾਰਾਂ ਨੂੰ ਆਪਣੀਆਂ ਵਸਤਾਂ ਬਗੈਰ ਕਿਸੇ ਵਿਚੋਲੇ ਦੇ ਆਮ ਲੋਕਾਂ ਨੂੰ ਵੇਚਣ ਦਾ ਮੰਚ ਮਿਲਦਾ ਹੈ।ਖੇਤਰੀ ਸਰਸ ਮੇਲੇ 'ਚ ਪੁੱਜੇ ਵੱਡੀ ਗਿਣਤੀ 'ਚ ਦਰਸ਼ਕਾਂ ਦਾ ਸਵਾਗਤ ਪੰਜਾਬੀ ਪਹਿਰਾਵੇ 'ਚ ਸਜੇ ਮਸਕਟ 'ਚੰਨਾ' ਅਤੇ 'ਪਰੀਤੋ' ਨੇ ਕੀਤਾ ਅਤੇ ਬੱਚਿਆਂ, ਨੌਜਵਾਨਾਂ ਸਮੇਤ ਹਰ ਵਰਗ ਦੇ ਦਰਸ਼ਕਾਂ ਨੇ ਚੰਨਾ ਤੇ ਪਰੀਤੋ ਨਾਲ ਖੁਸ਼ੀ-ਖੁਸ਼ੀ ਸੈਲਫ਼ੀਆਂ ਕਰਵਾਈਆਂ, ਜਦੋਂ ਕਿ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਅਤੇ ਪੰਜਾਬ ਪੁਲਿਸ ਸੱਭਿਆਚਾਰਕ ਗਰੁੱਪ ਵੱਲੋਂ ਪੇਸ਼ ਕੀਤੀ ਗਈ ਰੰਗਾ-ਰੰਗ ਪੇਸ਼ਕਾਰੀ ਦੌਰਾਨ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਅਤੇ ਲੋਕ-ਕਲਾਵਾਂ ਦੇ ਕਲਾਕਾਰਾਂ ਨੇ ਆਪੋ-ਆਪਣੀਆਂ ਵੰਨਗੀਆਂ ਪੇਸ਼ ਕਰ ਕੇ ਖ਼ੂਬ ਧਮਾਲਾਂ ਪਾਈਆਂ।
ਇਸ 'ਚ ਖਾਸ ਤੌਰ 'ਤੇ ਪੰਜਾਬ ਦੇ ਲੋਕ ਨਾਚਾਂ, ਮੁਰਲੀ ਰਾਜਸਥਾਨੀ ਦੀ ਪੰਜਾਬੀ ਲੋਕ ਗਾਇਕੀ, ਰਾਜਸਥਾਨ ਦਾ ਤੇਰਾਤਾਲ, ਹਰਿਆਣਾ ਦਾ ਘੂਮਰ, ਗੁਜਰਾਤ ਦਾ ਸਿੱਧੀ ਧਮਾਲ, ਉਤਰਾਖੰਡ ਦੇ ਛਪੇਲੀ, ਹਿਮਾਚਲ ਪ੍ਰਦੇਸ਼ ਦੇ ਨਾਟੀ, ਆਂਧਰਾ ਪ੍ਰਦੇਸ਼ ਦੇ ਤਪੜਗੁਲੂ ਨਾਚ, ਆਸਾਮ ਦੇ ਬੀਹੂ, ਛੱਤੀਸਗੜ੍ਹ ਦੇ ਪੰਥੀ, ਓਡਿਸ਼ਾ ਦੇ ਗੋਟੀਪੁਆ, ਜੰਮੂ-ਕਸ਼ਮੀਰ ਦੀ ਧਮਾਲੀ, ਪੰਜਾਬ ਪੁਲਸ ਦੀ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਸਮੇਤ ਰਣਜੀਤ ਬਾਵਾ ਦੀ ਗਾਇਕੀ ਨੇ ਦਰਸ਼ਕਾਂ ਨੂੰ ਕੀਲਿਆ। ਜਦੋਂਕਿ ਮੇਲੇ 'ਚ ਪੰਜਾਬ, ਹਰਿਆਣਾ, ਰਾਜਸਥਾਨ ਦੇ ਨਚਾਰ, ਜੋਗੀਆਂ ਵਾਲੀ ਬੀਨ, ਬੰਚਾਰੀ ਦਾ ਨਗਾਰਾ, ਬਹਿਰੂਪੀਏ, ਕੱਚੀ ਘੋੜੀ, ਪੌੜੀ 'ਤੇ ਤੁਰਨ ਵਾਲੇ, ਬਾਜ਼ੀਗਰ ਸਮੇਤ ਹੋਰ ਅਹਿਮ ਦਿਲ ਲੁਭਾਊ ਮੰਨੋਰੰਜਨ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਆਪਣਾ ਵੱਖਰਾ ਰੰਗ ਬਖੇਰ ਰਹੀ ਸੀ। ਇਸ ਸਮੇਂ ਪਟਿਆਲਾ ਏਵੀਏਸ਼ਨ ਕਲੱਬ ਵੱਲੋਂ ਹਵਾਈ ਜਹਾਜ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ।
ਇਸ ਤੋਂ ਇਲਾਵਾ ਇਥੇ ਪੁੱਜੇ ਕਰੀਬ 20 ਰਾਜਾਂ ਦੇ ਸ਼ਿਲਪਕਾਰਾਂ ਵੱਲੋਂ ਲਾਈਆਂ ਗਈਆਂ 150 ਤੋਂ ਵਧੇਰੇ ਸਟਾਲਾਂ 'ਤੇ ਦਸਤਕਾਰੀ ਵਸਤਾਂ ਦੀ ਦਰਸ਼ਕਾਂ ਅਤੇ ਖਰੀਦਦਾਰੀ ਦੇ ਸ਼ੌਕੀਨਾਂ ਵੱਲੋਂ ਪਹਿਲੇ ਦਿਨ ਖ਼ੂਬ ਖ਼ਰੀਦੋ-ਫ਼ਰੋਖ਼ਤ ਕੀਤੀ ਗਈ। ਜਦੋਂਕਿ ਵੱਖ-ਵੱਖ ਰਾਜਾਂ ਦੇ ਸਟਾਲਾਂ 'ਤੇ ਬਣੇ ਲਜ਼ੀਜ਼ ਪਕਵਾਨਾਂ, ਆਈਸ ਕਰੀਮ, ਗੁਜਰਾਤੀ ਖਾਣੇ, ਹਰਿਆਣਵੀ ਜਲੇਬ ਤੇ ਮਠਿਆਈ, ਬੰਬੇ ਫੂਡ, ਰਾਜਸਥਾਨੀ ਤੇ ਦੱਖਣ ਭਾਰਤੀ ਖਾਣੇ, ਰਾਜਮਾਂਹ, ਕੜ੍ਹੀ-ਚਾਵਲ, ਬਿਰਿਆਨੀ, ਚੀਨੀ ਭੋਜਨ ਦੀ ਮਹਿਕ ਨੇ ਖਾਣ ਪੀਣ ਦੇ ਸ਼ੌਕੀਨਾਂ ਨੂੰ ਆਪਣੇ ਵੱਲ ਖਿੱਚਿਆ ਅਤੇ ਬੱਚਿਆਂ ਲਈ ਝੂਲੇ, ਪੀਘਾਂ ਤੇ ਖਿਡੌਣਿਆਂ ਸਮੇਤ ਮੰਨੋਰੰਜਨ ਦੇ ਹੋਰ ਸਾਧਨਾਂ ਨੇ ਖ਼ੂਬ ਰੌਣਕਾਂ ਲਾਈਆਂ।
ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਇਸ ਖੇਤਰੀ ਸਰਸ ਮੇਲੇ 'ਚ 4 ਮਾਰਚ ਤੱਕ ਪੰਜਾਬ ਸਮੇਤ ਹੋਰ ਰਾਜਾਂ ਤੋਂ ਵੱਡੀ ਗਿਣਤੀ ਦਰਸ਼ਕਾਂ ਦੇ ਪੁੱਜਣ ਦੀ ਸੰਭਾਵਨਾ ਹੈ।
ਇਸ ਮੌਕੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਮੁੱਖ ਮੰਤਰੀ ਦੇ ਓ. ਐੱਸ. ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਹਰਿੰਦਰਪਾਲ ਸਿੰਘ ਹੈਰੀਮਾਨ, ਮਹਿਲਾ ਕਾਂਗਰਸ ਦੀ ਜ਼ਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਡਿਪਟੀ ਮੇਅਰ ਵਿਨਤੀ ਸੰਗਰ, ਡਾ. ਦਰਸ਼ਨ ਸਿੰਘ ਘੁੰਮਣ, ਕੌਂਸਲਰ ਕੇ. ਕੇ. ਮਲਹੋਤਰਾ, ਹਰਵਿੰਦਰ ਨਿੱਪੀ, ਐਡਵੋਕੇਟ ਹਰਵਿੰਦਰ ਸ਼ੁਕਲਾ, ਅਤੁਲ ਜੋਸ਼ੀ, ਚੇਅਰਮੈਨ ਜਗਜੀਤ ਨਨਾਨਸੂ, ਸਤਵੰਤ ਰਾਣੀ, ਦੀਦਾਰ ਸਿੰਘ ਦੌਣਕਲਾਂ, ਸੰਜੀਵ ਮਲਹੋਤਰਾ, ਨਿਖਲ ਬਾਤਿਸ਼, ਰੇਖਾ ਅਗਰਵਾਲ, ਰਾਜਿੰਦਰ ਰਾਜੂ, ਮਨੋਜ ਠਾਕੁਰ, ਅਮਨਦੀਪ ਸਿੰਘ, ਰਿੰਦੂ ਸੂਦ, ਜਸਪਾਲ ਜਿੰਦਲ, ਜਸਵਿੰਦਰ ਜੁਲਕਾ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੱਸ. ਐੱਸ. ਪੀ. ਡਾ. ਐੱਸ. ਭੂਪਤੀ, ਸਰਸ ਮੇਲੇ ਦੇ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼ੌਕਤ ਅਹਿਮਦ ਪਰੇ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮਦੀਪ ਕੌਰ, ਐੱਸ. ਪੀ. ਐੱਚ ਕੰਵਰਦੀਪ ਕੌਰ, ਐੱਸ. ਡੀ. ਐੱਮ. ਪਟਿਆਲਾ ਅਨਮੋਲ ਸਿੰਘ ਧਾਲੀਵਾਲ, ਗੀਤਿਕਾ ਸਿੰਘ ਲੈਂਡ ਐਕੁਜੀਸ਼ਨ ਅਫ਼ਸਰ ਲੋਕ ਨਿਰਮਾਣ ਤੇ ਬੀ. ਐਂਡ  ਆਰ., ਡਾ. ਇਸਮਤ ਵਿਜੇ ਸਿੰਘ ਪੀ. ਸੀ. ਐੱਸ. ਈ. ਏ. ਸੀ. ਜਨਰਲ (ਸਿਖਲਾਈ ਅਧੀਨ), ਭਾਸ਼ਾ ਵਿਭਾਗ ਦੇ ਡਾਇਰੈਕਟਰ ਗੁਰਸ਼ਰਨ ਕੌਰ, ਜ਼ਿਲਾ ਪ੍ਰੀਸ਼ਦ ਦੇ ਸੀ. ਈ. ਓ. ਚਰਨਜੋਤ ਸਿੰਘ ਵਾਲੀਆ, ਡੀ. ਡੀ. ਪੀ. ਓ. ਸੁਰਿੰਦਰ ਸਿੰਘ ਢਿੱਲੋਂ, ਐੱਨ. ਜੈੱਡ. ਸੀ. ਸੀ ਦੇ ਪ੍ਰੋਗਰਾਮ ਅਫ਼ਸਰ ਭੁਪਿੰਦਰ ਸ਼ਰਮਾ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਜ਼ਿਲਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਤੇ ਹੋਰ ਅਧਿਕਾਰੀ ਮੌਜੂਦ ਸਨ। ਐੱਨ. ਜੈੱਡ. ਸੀ. ਸੀ ਪ੍ਰੋਗਰਾਮ ਅਫ਼ਸਰ ਰਵਿੰਦਰ ਸ਼ਰਮਾ ਤੇ ਸੰਜੀਵ ਸ਼ਾਦ ਨੇ ਮੰਚ ਸੰਚਾਲਨ ਬਾਖੂਬੀ ਕੀਤਾ, ਜਦੋਂ ਕਿ ਗੁਰਬਖ਼ਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਹੇਠ ਆਈ. ਟੀ. ਆਈ. ਤੇ ਪੋਲੀਟੈਕਨਿਕ ਕਾਲਜ ਦੇ ਸਿੱਖਿਆਰਥੀਆਂ ਅਤੇ ਨਹਿਰੂ ਯੂਵਾ ਕੇਂਦਰ ਦੇ ਵਾਲੰਟੀਅਰਾਂ ਨੇ ਵੀ ਸੇਵਾਵਾਂ ਨਿਭਾਈਆਂ।
ਏ. ਡੀ. ਸੀ. (ਡੀ) ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਸ ਸਰਸ ਮੇਲੇ 'ਚ 18 ਰਾਜਾਂ ਦੇ ਸ਼ਿਲਪਕਾਰ ਅਤੇ 17 ਰਾਜਾਂ ਦੇ ਕਲਾਕਾਰ ਪੁੱਜੇ ਹਨ, ਜਿਨ੍ਹਾਂ ਦੇ ਰਹਿਣ-ਸਹਿਣ ਲਈ ਪੁਖ਼ਤਾ ਬੰਦੋਬਸਤ ਕੀਤੇ ਗਏ ਹਨ।
ਅੱਜ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ
ਸ਼੍ਰੀ ਪਰੇ ਨੇ ਦੱਸਿਆ ਕਿ 22 ਫਰਵਰੀ ਸਵੇਰੇ 11 ਤੋਂ 1 ਵਜੇ ਤੱਕ ਪੰਜਾਬ ਪੁਲਸ ਦਾ ਸੱਭਿਆਚਾਰਕ ਗਰੁੱਪ, ਲੋਕ ਗਾਇਕੀ, ਹਰਿਆਣਵੀ ਫਾਗ, ਘੂਮਰ ਦੀ ਪੇਸ਼ਕਾਰੀ ਹੋਵੇਗੀ ਤੇ ਸ਼ਾਮ 5 ਤੋਂ ਰਾਤ 8 ਵਜੇ ਤੱਕ ਹਰਿਆਣਵੀ ਪਾਣੀਹਾਰੀ, ਰਾਜਸਥਾਨੀ ਚਾਰੀ, ਗੁਜਰਾਤ ਦੀ ਸਿੱਧੀ ਧਮਾਲ, ਹਿਮਾਚਲ ਦੀ ਨਾਟੀ, ਆਂਧਰਾ ਦੀ ਤਪੜਗੁਲੂ, ਜੰਮੂ-ਕਸ਼ਮੀਰ ਦੀ ਧਮਾਲੀ, ਅਸਾਮ ਦਾ ਬੀਹੂ, ਛੱਤੀਸਗੜ੍ਹ ਦੀ ਪੰਥੀ ਤੇ ਓਡਿਸ਼ਾ ਦਾ ਗੋਟੀਪੁਆ ਦੀਆਂ ਪੇਸ਼ਕਾਰੀਆਂ ਹੋਣਗੀਆਂ।
ਸਟਾਲ ਲਾਉਣ ਸਬੰਧੀ ਪੁਲਸ ਕੰਟਰੋਲ ਰੂਮ  ਦੇ ਬਾਹਰ ਹੀ ਹੋ ਗਈ ਲੜਾਈ
ਸ਼ੀਸ਼ ਮਹਿਲ ਵਿਚ ਬਣਾਏ ਗਏ ਕੰਟਰੋਲ ਰੂਮ, ਵੈਰੀਫਿਕੇਸ਼ਨ ਰੂਮ ਅਤੇ ਪੁਲਸ ਕੰਟਰੋਲ ਰੂਮ ਦੇ ਬਾਹਰ ਸਟਾਲ ਦੀ ਬੁਕਿੰਗ ਨੂੰ ਲੈ ਕੇ ਵੈਰੀਫਿਕੇਸ਼ਨ ਚੱਲ ਰਹੀ ਸੀ। ਇਸੇ ਦੌਰਾਨ ਉਥੇ ਦੋ ਵੱਖ-ਵੱਖ ਥਾਵਾਂ ਤੋਂ ਪਹੁੰਚੇ ਕਾਰੀਗਰਾਂ ਵਿਚਾਲੇ ਸਟਾਲ ਨੂੰ ਲੈ ਕੇ ਗਾਲੀ-ਗਲੋਚ ਹੋ ਗਿਆ। ਕਾਫੀ ਦੇਰ ਤੱਕ ਉਹ ਪੁਲਸ ਕੰਟਰੋਲ ਰੂਮ ਦੇ ਬਾਹਰ ਝਗੜਦੇ ਰਹੇ। ਹਾਲਾਂਕਿ ਦੇਰ ਸ਼ਾਮ ਤੱਕ ਬਾਹਰੀ ਸੂਬਿਆਂ ਤੋਂ ਆਏ ਲੋਕ ਅਤੇ ਸ਼ਿਲਪਕਾਰ ਲਾਈਨਾਂ ਲਾ ਕੇ ਖੜ੍ਹੇ ਰਹੇ।
ਸਵੇਰ ਦੇ ਸੈਸ਼ਨ 'ਚ ਹਾਜ਼ਰ ਹੋਣਗੇ ਸਕੂਲੀ ਵਿਦਿਆਰਥੀ
ਸਰਸ ਮੇਲੇ ਦੇ ਸੈਸ਼ਨ 'ਚ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਉਥੇ ਰੱਖੀਆਂ ਕੁਰਸੀਆਂ ਨੂੰ ਭਰਨ ਲਈ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਸੱਦਿਆ ਗਿਆ। ਇਕ ਪਾਸੇ ਵਿਦਿਆਰਥੀਆਂ ਦੇ ਪੇਪਰ ਸਿਰ 'ਤੇ ਹਨ ਦੂਸਰੇ ਪਾਸੇ ਉਨ੍ਹਾਂ ਨੂੰ ਇਥੇ ਮੇਲੇ ਵਿਚ ਲਿਆ ਕੇ ਦੁਪਹਿਰ ਤੱਕ ਬੈਠਾਈ ਰੱਖਿਆ। ਜਿਵੇਂ ਹੀ ਵਿਦਿਆਰਥੀ ਆਪਣੇ-ਆਪਣੇ ਅਧਿਆਪਕਾਂ ਦੇ ਨਾਲ ਵਾਪਸ ਗਏ ਤਾਂ ਸਾਰੀਆਂ ਕੁਰਸੀਆਂ ਇਕਦਮ ਖਾਲੀ ਹੋ ਗਈਆਂ, ਉਥੇ ਦੁਪਹਿਰ ਬਾਅਦ ਜਦੋਂ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਆਈ ਤਾਂ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਕਾਰਕੁੰਨ ਪਹੁੰਚੇ ਤਾਂ ਜਾ ਕੇ ਕਿਤੇ ਕੁਰਸੀਆਂ ਭਰੀਆਂ।
ਪਾਰਕਿੰਗ ਲਈ ਨਹੀਂ ਲੱਗੀ ਬੋਲੀ, 12 ਪ੍ਰਾਈਵੇਟ ਸਟੈਂਡ ਬਣਾਏ ਗਏ
ਜਾਣਕਾਰੀ ਮੁਤਾਬਕ ਮੇਲੇ ਵਿਚ ਆਉਣ ਵਾਲੇ ਵਾਹਨਾਂ ਦੀ ਪਾਰਕਿੰਗ ਨੂੰ ਲੈ ਕੇ ਸਰਕਾਰ ਨੇ 1 ਲੱਖ 36 ਹਜ਼ਾਰ ਰੁਪਏ ਦੇ ਟੈਂਡਰ ਕੱਢੇ ਸੀ ਪਰ ਕਿਸੇ ਨੇ ਵੀ ਇਸ ਲਈ ਬੋਲੀ ਨਹੀਂ ਲਾਈ। ਹਾਲਾਂਕਿ ਇਸ ਦਾ ਕਾਰਨ ਕੀ ਰਿਹਾ ਇਹ ਜਾਣਕਾਰੀ ਨਹੀਂ ਮਿਲ ਸਕੀ ਪਰ ਸਰਕਾਰੀ ਪਾਰਕਿੰਗ ਨਾ ਹੋਣ ਕਾਰਨ ਹੁਣ 12 ਥਾਵਾਂ 'ਤੇ ਪਾਰਕਿੰਗ ਬਣੀ ਹੈ ਜੋ ਕਿ ਪ੍ਰਾਈਵੇਟ ਹੈ। ਐੱਨ. ਆਈ. ਐੱਸ. ਚੌਕ  ਤੋਂ ਥੋੜ੍ਹਾ ਅੱਗੇ ਤੋਂ ਪਾਰਕਿੰਗਾਂ ਸ਼ੁਰੂ ਹੋ ਰਹੀਆਂ ਹਨ ਅਤੇ ਸ਼ੀਸ਼ ਮਹਿਲ ਤੋਂ ਡੀਅਰ ਪਾਰਕ ਵਾਲੇ ਪਾਸੇ ਵੀ ਪਾਰਕਿੰਗ ਬਣਾਈ ਗਈ ਹੈ। ਜਿਥੇ ਵੀ ਕਿਤੇ ਪਲਾਟ ਖਾਲੀ ਹੈ, ਉਥੇ ਪ੍ਰਾਈਵੇਟ ਠੇਕੇਦਾਰਾਂ ਨੇ ਪਾਰਕਿੰਗ ਬਣਾ ਲਈ ਹੈ।


Related News