ਬੇਸਹਾਰਾ ਪਸ਼ੂਆਂ ਕਾਰਨ ਬਾਘਾਪੁਰਾਣਾ ਵਾਸੀ ਪ੍ਰੇਸ਼ਾਨ
Friday, Nov 24, 2017 - 04:04 PM (IST)

ਬਾਘਾਪੁਰਾਣਾ (ਚਟਾਨੀ) - ਬੇਸਹਾਰਾ ਪਸ਼ੂਆਂ ਦੀ ਦਿਨ-ਬ-ਦਿਨ ਵਧ ਰਹੀ ਗਿਣਤੀ ਨੇ ਬਾਘਾਪੁਰਾਣਾ ਵਾਸੀਆਂ ਦੇ ਨੱਕ 'ਚ ਦਮ ਕਰ ਰੱਖਿਆ ਹੈ। ਸ਼ਹਿਰ ਅੰਦਰਲੀਆਂ ਤਿੰਨ ਵੱਡੀਆਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਵੱਲੋਂ ਗਊਆਂ ਦੀ ਸੰਭਾਲ ਲਈ ਚਿਰਾਂ ਤੋਂ ਕੀਤੇ ਜਾ ਰਹੇ ਗੰਭੀਰ ਅਤੇ ਅਣਥੱਕ ਯਤਨ ਵੀ ਹੁਣ ਅਸਫਲ ਹੋ ਰਹੇ ਹਨ।
ਬੇਸਹਾਰਾ ਪਸ਼ੂਆਂ ਅਤੇ ਵਿਸ਼ੇਸ਼ ਕਰ ਕੇ ਗਊਆਂ-ਸਾਨ੍ਹਾਂ ਦੇ ਸ਼ਹਿਰ 'ਚ ਫਿਰਦੇ ਝੁੰਡ ਸਾਰਾ ਦਿਨ ਬਾਜ਼ਾਰਾਂ ਅਤੇ ਗਲੀਆਂ 'ਚ ਖੌਰੂ ਪਾਉਂਦੇ ਰਹਿੰਦੇ ਹਨ, ਜਿਸ ਕਾਰਨ ਨਾ ਸਿਰਫ ਰਾਹਗੀਰ ਤੇ ਵਾਹਨ ਚਾਲਕ ਹੀ ਔਖੇ ਹਨ ਸਗੋਂ ਦੁਕਾਨਦਾਰਾਂ ਲਈ ਵੀ ਇਹ ਬੇਸਹਾਰਾ ਪਸ਼ੂ ਵੱਡੀ ਸਮੱਸਿਆ ਬਣੇ ਹੋਏ ਹਨ। ਸਬਜ਼ੀ ਅਤੇ ਫਲਾਂ ਵਾਲੀਆਂ ਦੁਕਾਨਾਂ ਤੋਂ ਇਲਾਵਾ ਪਸ਼ੂ ਖੁਰਾਕ ਵਿਕਰੇਤਾਵਾਂ ਵੱਲੋਂ ਦੁਕਾਨ ਦੇ ਬਾਹਰ ਪ੍ਰਦਰਸ਼ਿਤ ਕੀਤਾ ਗਿਆ ਸਾਮਾਨ ਬੇਸਹਾਰਾ ਗਊਆਂ ਦੇ ਇਕੋ ਹੱਲੇ ਨਾਲ ਖਿੱਲਰਦਾ ਆਮ ਹੀ ਦੇਖਿਆ ਜਾਂਦਾ ਹੈ। ਸਬਜ਼ੀਆਂ ਦੀਆਂ ਰੇਹੜੀਆਂ ਵਾਲੇ ਤਾਂ ਇਨ੍ਹਾਂ ਗਊਆਂ-ਸਾਨ੍ਹਾਂ ਤੋਂ ਬੇਹੱਦ ਪ੍ਰੇਸ਼ਾਨ ਹਨ। ਇਸ ਸਬੰਧੀ ਸਬਜ਼ੀ ਵਿਕਰੇਤਾਵਾਂ ਮੰਗਾ ਸਿੰਘ, ਭੋਲੂ, ਮੇਜਰ, ਹਰੀ ਅਤੇ ਗਣੇਸ਼ੇ ਨੇ ਦੱਸਿਆ ਕਿ ਉਨ੍ਹਾਂ ਦੀ ਦਿਨ ਭਰ ਦੀ ਕਮਾਈ ਦਾ ਵੱਡਾ ਹਿੱਸਾ ਪਸ਼ੂਆਂ ਦੇ ਕੀਤੇ ਜਾਂਦੇ ਖਰਾਬੇ ਦੀ ਭੇਟ ਚੜ੍ਹ ਜਾਂਦਾ ਹੈ, ਜਦਕਿ ਪਸ਼ੂਆਂ ਦੇ ਹੱਲੇ ਤੋਂ ਸਾਮਾਨ ਨੂੰ ਬਚਾਉਂਦੇ-ਬਚਾਉਂਦੇ ਉਹ ਆਪਣੇ ਗਾਹਕ ਵੱਲ ਵੀ ਧਿਆਨ ਕੇਂਦਰਿਤ ਨਹੀਂ ਕਰ ਸਕਦੇ। ਅਜਿਹੇ ਪਸ਼ੂ ਸਾਰਾ ਦਿਨ ਸੜਕਾਂ 'ਤੇ ਰਹਿਣ ਕਰ ਕੇ ਸਕੂਲੀ ਵਿਦਿਆਰਥੀਆਂ ਅਤੇ ਬਜ਼ੁਰਗ ਅਕਸਰ ਹੀ ਸਾਨ੍ਹਾਂ ਦੀ ਲੜਾਈ ਦੀ ਲਪੇਟ 'ਚ ਆਉਂਦੇ ਰਹਿੰਦੇ ਹਨ।
ਸੜਕ 'ਤੇ ਘੁੰਮਦੀਆਂ ਬੇਸਹਾਰਾ ਗਊਆਂ ਅਤੇ ਸਾਨ੍ਹਾਂ ਕਾਰਨ ਇਕੱਲੇ ਬਾਘਾਪੁਰਾਣਾ ਸ਼ਹਿਰ 'ਚ ਪਿਛਲੇ 2 ਸਾਲਾਂ ਦੌਰਾਨ ਵਾਪਰੇ ਹਾਦਸਿਆਂ 'ਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 20 ਦੇ ਕਰੀਬ ਜ਼ਖਮੀ ਹੋ ਚੁੱਕੇ ਹਨ। ਨਜ਼ਦੀਕੀ ਪਿੰਡਾਂ ਦੇ ਕਿਸਾਨ ਵੀ ਬੇਸਹਾਰਾ ਗਊਆਂ ਤੋਂ ਇਸ ਕਦਰ ਪ੍ਰੇਸ਼ਾਨ ਹਨ ਕਿ ਉਹ ਆਪਣੀਆਂ ਫਸਲਾਂ ਨੂੰ ਬੇਸਹਾਰਾ ਪਸ਼ੂਆਂ ਤੋਂ ਬਚਾਉਣ ਲਈ ਠੰਡੀਆਂ ਰਾਤਾਂ ਰਜਾਈਆਂ ਦੀ ਬਜਾਏ ਖੇਤਾਂ 'ਚ ਕੱਟਣ ਲਈ ਮਜਬੂਰ ਹਨ।