ਸ਼ਾਹੀ ਸ਼ਹਿਰ ''ਚ ਸੋਕੇ ਦਾ ਅੰਤ
Wednesday, Aug 02, 2017 - 07:43 AM (IST)
ਪਟਿਆਲਾ (ਰਾਜੇਸ਼, ਪਰਮੀਤ, ਬਲਜਿੰਦਰ, ਜੋਸਨ) - ਸ਼ਾਹੀ ਸ਼ਹਿਰ 'ਚ ਸੋਕੇ ਦਾ ਅੰਤ ਕਰਦਿਆਂ ਆਖਰਕਾਰ ਇੰਦਰ ਦੇਵਤਾ ਪਟਿਆਲਾ 'ਤੇ ਮਿਹਰਬਾਨ ਹੋ ਹੀ ਗਏ। ਇਸ ਵਾਰ ਮੌਸਮ ਵਿਭਾਗ ਨੇ ਭਰਵੀਂ ਮੌਨਸੂਨ ਦੀ ਪੇਸ਼ੀਨਗੋਈ ਕੀਤੀ ਸੀ ਪਰ ਇਹ ਭਵਿੱਖਬਾਣੀ ਗਲਤ ਸਾਬਤ ਹੋਈ। ਮਾਨਸੂਨ ਰੁੱਤ ਦੀ ਸ਼ੁਰੂਆਤ ਹੋਣ ਤੋਂ ਬਾਅਦ ਇਕ ਮਹੀਨਾ ਬੀਤਣ 'ਤੇ ਵੀ ਸ਼ਹਿਰ ਵਿਚ ਬਰਸਾਤ ਦੀ ਇਕ ਬੂੰਦ ਤੱਕ ਨਹੀਂ ਪਈ। ਮੌਸਮ ਵਿਭਾਗ ਨੇ ਅੱਜ ਮੀਂਹ ਦੀ ਭਵਿੱਖਬਾਣੀ ਨਹੀਂ ਕੀਤੀ ਸੀ ਪਰ ਮੀਂਹ ਪੈ ਗਿਆ। ਮੰਗਲਵਾਰ ਦੀ ਦੁਪਹਿਰ ਭਾਵੇਂ ਚੰਦ ਘੰਟੇ ਹੀ ਸਹੀ ਪਰ ਭਰਵੀਂ ਬਰਸਾਤ ਨੇ ਜਿੱਥੇ ਲੋਕਾਂ ਦੇ ਚਿਹਰਿਆਂ 'ਤੇ ਰੌਣਕ ਲੈ ਆਂਦੀ, ਉਥੇ ਹੀ ਸ਼ਹਿਰ ਵਿਚਲੇ ਡਰੇਨੇਜ ਸਿਸਟਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇਸ ਥੋੜ੍ਹੇ ਸਮੇਂ ਦੀ ਬਰਸਾਤ ਨਾਲ ਹੀ ਸ਼ਹਿਰ ਜਲਥਲ ਹੋ ਗਿਆ।
ਸ਼ਹਿਰ ਦੇ ਕਈ ਇਲਾਕੇ ਪਾਣੀ ਦੀ ਮਾਰ ਹੇਠ
ਅੱਜ ਹੋਈ ਬਰਸਾਤ ਵਿਚ ਸ਼ਹਿਰ ਦੇ ਕਈ ਇਲਾਕੇ ਪਾਣੀ ਦੀ ਮਾਰ ਹੇਠ ਆ ਗਏ। ਤ੍ਰਿਪੜੀ, ਲਾਹੌਰੀ ਗੇਟ, ਮਾਡਲ ਟਾਊਨ ਤੇ ਭੁਪਿੰਦਰਾ ਰੋਡ ਸਮੇਤ ਅਨੇਕਾਂ ਖੇਤਰਾਂ ਵਿਚ ਮੀਂਹ ਦਾ ਪਾਣੀ ਸੜਕਾਂ 'ਤੇ ਖੜ੍ਹਾ ਹੋ ਗਿਆ ਕਿਉਂਕਿ ਸ਼ਹਿਰ ਦਾ ਡਰੇਨੇਜ ਸਿਸਟਮ ਪਾਣੀ ਦੀ ਅਜਿਹੀ ਮਾਰ ਝੱਲਣ ਦੇ ਸਮਰੱਥ ਨਹੀਂ ਹੈ। ਇਸ ਦੀ ਬਦੌਲਤ ਲੋਕ ਮੀਂਹ ਦੇ ਪਾਣੀ ਵਿਚੋਂ ਲੰਘਣ ਲਈ ਮਜਬੂਰ ਹੋਏ। ਬੱਸ ਸਟੈਂਡ ਦੇ ਕੋਲ ਤਾਂ ਹਾਲਾਤ ਹੋਰ ਵੀ ਬਦਤਰ ਨਜ਼ਰ ਆਏ।
ਮੀਂਹ 'ਚ ਟਰੈਫਿਕ ਕੰਟਰੋਲ ਕਰਦੇ ਨਜ਼ਰ ਆਏ ਮੁਲਾਜ਼ਮ
ਬਰਸਾਤ ਦੇ ਇਸ ਮੌਸਮ ਵਿਚ ਜਦੋਂ ਸਾਹਮਣੇ ਵੇਖਣਾ ਵੀ ਮੁਹਾਲ ਸੀ, ਸ਼ਹਿਰ ਦੀ ਟਰੈਫਿਕ ਪੁਲਸ ਮੁਸਤੈਦ ਨਜ਼ਰ ਆਈ। ਵੱਖ-ਵੱਖ ਚੌਕਾਂ ਵਿਚ ਮੁਲਾਜ਼ਮ ਮੀਂਹ ਦੀ ਪ੍ਰਵਾਹ ਕੀਤੇ ਬਗੈਰ ਸੜਕਾਂ ਦੇ ਐਨ ਵਿਚਕਾਰ ਖੜ੍ਹੇ ਹੋ ਕੇ ਟਰੈਫਿਕ ਕੰਟਰੋਲ ਕਰਨ 'ਚ ਮਸਰੂਫ ਦਿਸੇ।
ਉਨ੍ਹਾਂ ਦੀ ਇਸ ਸੇਵਾ ਦੀ ਬਦੌਲਤ ਮੀਂਹ ਵਿਚ ਸ਼ਹਿਰ ਵਿਚ ਟਰੈਫਿਕ ਵਿਵਸਥਾ ਲੜਖੜਾਉਣ ਤੋਂ ਬਚ ਗਈ।
