ਸਾਉਣ ਦੀ ਝੜੀ ਨੇ ਲਾਈਆਂ ''ਲਹਿਰਾਂ-ਬਹਿਰਾਂ''!

Wednesday, Aug 02, 2017 - 07:37 AM (IST)

ਸਾਉਣ ਦੀ ਝੜੀ ਨੇ ਲਾਈਆਂ ''ਲਹਿਰਾਂ-ਬਹਿਰਾਂ''!

ਮੋਗਾ  (ਪਵਨ ਗਰੋਵਰ/ਗੋਪੀ ਰਾਊਕੇ) - ਸਾਉਣ ਮਹੀਨੇ ਦੀ ਲੱਗੀ ਅੱਜ ਪਹਿਲੀ 'ਝੜੀ' ਨੇ ਮੋਗਾ ਸ਼ਹਿਰ ਵਿਚ 'ਲਹਿਰਾਂ-ਬਹਿਰਾਂ' ਲਾ ਦਿੱਤੀਆਂ, ਜਿਸ ਨਾਲ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਜਿੱਥੇ ਲੋਕਾਂ ਨੂੰ ਰਾਹਤ ਮਿਲੀ, ਉੱਥੇ ਹੀ ਮੀਂਹ ਨਾਲ ਚਾਰੇ ਪਾਸੇ ਹਰਿਆਲੀ ਵੀ ਚਹਿਕਣ ਲੱਗ ਪਈ ਹੈ। ਖ਼ੇਤੀ ਮਾਹਿਰਾਂ ਅਤੇ ਕਿਸਾਨਾਂ ਨੇ ਮੀਂਹ ਨੂੰ ਝੋਨੇ ਦੀ ਫ਼ਸਲ ਲਈ ਲਾਹੇਵੰਦ ਦੱਸਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਐਤਕੀਂ ਸਾਉਣ ਮਹੀਨੇ ਵਿਚ ਇਸ ਤੋਂ ਪਹਿਲਾਂ ਭਰਵਾਂ ਮੀਂਹ ਨਹੀਂ ਪਿਆ ਅਤੇ ਮਾਨਸੂਨ ਦੇ ਮੀਂਹ ਵੀ ਜ਼ਿਆਦਾ ਨਹੀਂ ਸੀ ਪਰ ਅੱਜ ਤੜਕਸਾਰ ਸ਼ੁਰੂ ਹੋਇਆ ਮੀਂਹ ਪੂਰਾ ਦਿਨ ਰੁਕ-ਰੁਕ ਕੇ ਪੈਂਦਾ ਰਿਹਾ। ਦੂਜੇ ਪਾਸੇ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਸ਼ਹਿਰ 'ਚ ਕੋਈ ਠੋਸ ਪ੍ਰਬੰਧ ਨਾ ਹੋਣ ਕਾਰਨ ਹਰ ਪਾਸੇ ਪਾਣੀ ਭਰ ਗਿਆ, ਜਿਸ ਨਾਲ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰੀਆਂ ਦੀ ਪ੍ਰੇਸ਼ਾਨੀ ਦਾ ਸਭ ਤੋਂ ਵੱਧ ਸਬੱਬ ਚਾਰ-ਮਾਰਗੀ ਬਣ ਰਹੀ ਸੜਕ ਦੇ ਪੁਲਾਂ ਦਾ ਨਿਰਮਾਣ ਕੰਮ ਬਣਿਆ ਹੋਇਆ ਹੈ ਕਿਉਂਕਿ ਪੁਲਾਂ ਦੇ ਚੱਲਦੇ ਕੰਮ ਕਰ ਕੇ ਪਹਿਲਾਂ ਹੀ ਪ੍ਰੇਸ਼ਾਨੀ ਝੱਲਦੇ ਲੋਕਾਂ ਨੂੰ ਮੀਂਹ ਪੈਣ ਮਗਰੋਂ ਹੋਰ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਮੁੱਖ ਬਾਜ਼ਾਰ, ਟੈਂਕੀ ਵਾਲੀ ਗਲੀ, ਦਸਮੇਸ਼ ਨਗਰ, ਦੁਸਾਂਝ ਰੋਡ, ਅਕਾਲਸਰ ਰੋਡ, ਜ਼ੀਰਾ ਰੋਡ ਦੀਆਂ ਗਲੀਆਂ ਆਦਿ ਥਾਵਾਂ ਵਿਖੇ ਮੀਂਹ ਦਾ ਪਾਣੀ ਭਰ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਉੱਥੋਂ ਲੰਘਣ ਸਮੇਂ ਕਾਫੀ ਮੁਸ਼ੱਕਤ ਕਰਨੀ ਪਈ।
ਪੁਲਸ ਅਧਿਕਾਰੀਆਂ ਨੇ ਸੁਚਾਰੂ ਢੰਗ ਨਾਲ ਕੀਤਾ ਟ੍ਰੈਫਿਕ ਨੂੰ ਕੰਟਰੋਲ
ਅੱਜ ਮੋਗਾ 'ਚ ਪਏ ਭਾਰੀ ਮੀਂਹ ਦੌਰਾਨ ਲੱਗੇ ਭਾਰੀ ਜਾਮ ਨੂੰ ਕੰਟਰੋਲ ਕਰਨ ਲਈ ਡੀ. ਐੱਸ. ਪੀ. ਸਿਟੀ ਗੁਰਵਿੰਦਰ ਸਿੰਘ ਤੋਂ ਇਲਾਵਾ ਹੋਰ ਪੁਲਸ ਅਧਿਕਾਰੀਆਂ ਨੇ ਵੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ। ਮੀਂਹ ਦੌਰਾਨ ਡੀ. ਐੱਸ. ਪੀ. ਸਿਟੀ ਨੇ ਮੋਗਾ ਸ਼ਹਿਰ ਦੇ ਮੁੱਖ ਚੌਕ ਨੇੜੇ ਖੜ੍ਹੇ ਹੋ ਕੇ ਟ੍ਰੈਫਿਕ ਨੂੰ ਕੰਟਰੋਲ ਕੀਤਾ। ਇਸ ਤੋਂ ਇਲਾਵਾ ਮੋਗਾ ਦੇ ਅਕਾਲਸਰ ਰੋਡ ਨੇੜੇ ਤਾਂ ਇਕ ਪੁਲਸ ਮੁਲਾਜ਼ਮ ਨੇ ਮੀਂਹ 'ਚ ਭਿੱਜ ਕੇ ਵੀ ਆਪਣੀ ਡਿਊਟੀ ਨੂੰ ਈਮਾਨਦਾਰੀ ਨਾਲ ਨਿਭਾਇਆ।


Related News