ਪ੍ਰੀ-ਮਾਨਸੂਨ ਨਾਲ ਭਿੱਜਿਆ ਸ਼ਹਿਰ, 7 ਡਿਗਰੀ ਡਿਗਿਆ ਪਾਰਾ

06/29/2017 8:12:15 AM

ਚੰਡੀਗੜ੍ਹ  (ਰੋਹਿਲਾ) - ਲਗਾਤਾਰ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਦੇ ਨਾਲ ਪ੍ਰੀ-ਮਾਨਸੂਨ ਨੇ ਸ਼ਹਿਰ 'ਚ ਦਸਤਕ ਦੇ ਦਿੱਤੀ ਹੈ। ਇਸਦੀ ਪੁਸ਼ਟੀ ਚੰਡੀਗੜ੍ਹ ਮੌਸਮ ਵਿਭਾਗ ਨੇ ਕਰ ਦਿੱਤੀ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਨੇ ਦੱਸਿਆ ਕਿ ਚੰਡੀਗੜ੍ਹ ਸਮੇਤ ਹਰਿਆਣਾ ਤੇ ਪੰਜਾਬ 'ਚ ਪ੍ਰੀ-ਮਾਨਸੂਨ ਆ ਚੁੱਕਾ ਹੈ ਤੇ 48 ਤੋਂ 72 ਘੰਟਿਆਂ 'ਚ ਮਾਨਸੂਨ ਵੀ ਪਹੁੰਚ ਜਾਏਗਾ। ਚੰਡੀਗੜ੍ਹ, ਹਰਿਆਣਾ, ਪੰਜਾਬ, ਦਿੱਲੀ ਆਦਿ ਉੱਤਰੀ ਭਾਗਾਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਭਾਗਾਂ 'ਚ ਮਾਨਸੂਨ ਪਹੁੰਚ ਚੁੱਕਾ ਹੈ। ਬਾਰਿਸ਼ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਬੁੱਧਵਾਰ ਤੜਕੇ ਬੱਦਲ ਛਾਏ ਰਹੇ, ਜਿਸ ਦੇ ਬਾਅਦ ਬਾਰਿਸ਼ ਸ਼ੁਰੂ ਹੋਈ ਜੋ ਪੂਰਾ ਦਿਨ ਰੁਕ-ਰੁਕ ਕੇ ਹੁੰਦੀ ਰਹੀ ਤੇ ਰਾਤ ਤਕ ਜਾਰੀ ਰਹੀ। ਚੰਡੀਗੜ੍ਹ ਮੌਸਮ ਵਿਭਾਗ ਮੁਤਾਬਿਕ ਅਗਲੇ 3 ਦਿਨ ਮੌਸਮ ਇੰਝ ਹੀ ਰਹੇਗਾ ਤੇ ਇਸੇ ਦੌਰਾਨ ਮਾਨਸੂਨ ਵੀ ਸ਼ਹਿਰ 'ਚ ਪਹੁੰਚ ਜਾਏਗਾ।
7.7 ਐੱਮ. ਐੱਮ. ਹੋਈ ਬਾਰਿਸ਼
ਬੁੱਧਵਾਰ ਨੂੰ 7.7 ਐੱਮ. ਐੱਮ. ਬਾਰਿਸ਼ ਦਰਜ ਕੀਤੀ ਗਈ। ਇਸ ਕਾਰਨ ਤਾਪਮਾਨ 7 ਡਿਗਰੀ ਸੈਲਸੀਅਸ ਹੇਠਾਂ ਆ ਗਿਆ। ਮੰਗਲਵਾਰ ਨੂੰ ਜਿਥੇ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ ਸੀ, ਉਥੇ ਹੀ ਬੁੱਧਵਾਰ ਨੂੰ 28.5 ਡਿਗਰੀ 'ਤੇ ਆ ਗਿਆ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਿਕ ਇਸ ਵਾਰ ਸ਼ਹਿਰ 'ਚ ਮਾਨਸੂਨ ਸੀਜ਼ਨ ਦੌਰਾਨ ਚੰਗੀ ਬਾਰਿਸ਼ ਹੋਣ ਦੀ ਉਮੀਦ ਹੈ।


Related News