12 ਸਾਲਾਂ ''ਚ ਪਹਿਲੀ ਵਾਰ ਅਪ੍ਰੈਲ ਦਾ ਮਹੀਨਾ ਰਿਹਾ ਸਭ ਤੋਂ ਗਰਮ, ਦਿਨ ਦਾ ਪਾਰਾ 42 ਡਿਗਰੀ ਤੋਂ ਪਾਰ ਪੁੱਜਾ

04/29/2022 2:21:07 PM

ਚੰਡੀਗੜ੍ਹ (ਪਾਲ) : ਵੀਰਵਾਰ ਇਸ ਸੀਜ਼ਨ ਦਾ ਸਭ ਤੋਂ ਜ਼ਿਆਦਾ ਤਾਪਮਾਨ ਰਿਕਾਰਡ ਹੋਇਆ। ਸ਼ਹਿਰ ਦਾ ਦਿਨ ਦਾ ਪਾਰਾ 42.2 ਡਿਗਰੀ ਰਿਕਾਰਡ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 5 ਡਿਗਰੀ ਜ਼ਿਆਦਾ ਰਿਹਾ। ਇਹ ਨਾ ਸਿਰਫ ਇਸ ਸੀਜ਼ਨ ਦਾ ਨਹੀਂ, ਸਗੋਂ ਪਿਛਲੇ 12 ਸਾਲਾਂ ਦਾ ਅਪ੍ਰੈਲ ਮਹੀਨੇ ਦਾ ਸਭ ਤੋਂ ਜ਼ਿਆਦਾ ਤਾਪਮਾਨ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਅਪ੍ਰੈਲ ਦਾ ਮਹੀਨਾ ਇੰਨਾ ਗਰਮ ਰਿਹਾ ਹੋਵੇ। ਮੌਸਮ ਵਿਭਾਗ 2011 ਤੋਂ ਸ਼ਹਿਰ ਦਾ ਮੌਸਮ ਡਾਟਾ ਮੇਨਟੇਨ ਕਰ ਰਿਹਾ ਹੈ।

ਉਨ੍ਹਾਂ ਦੀ ਆਬਜ਼ਰਵੇਟਰੀ ਵਿਚ ਪਹਿਲੀ ਵਾਰ ਇੰਨਾ ਤਾਪਮਾਨ ਦਰਜ ਹੋਇਆ ਹੈ। ਇਸ ਤੋਂ ਪਹਿਲਾਂ ਏਅਰ ਫੋਰਸ ਦੇ ਡਾਟਾ ਵਿਚ 2010 'ਚ 18 ਅਤੇ 19 ਅਪ੍ਰੈਲ ਨੂੰ ਵੱਧ ਤੋਂ ਵੱਧ ਤਾਪਮਾਨ 43.2 ਦਰਜ ਹੋਇਆ ਸੀ। ਮੌਸਮ ਵਿਭਾਗ ਮੁਤਾਬਕ ਜਿਸ ਤਰ੍ਹਾਂ ਗਰਮੀ ਪੈ ਰਹੀ ਹੈ, ਉਸ ਨੂੰ ਵੇਖਦਿਆਂ ਅਗਲੇ ਕੁੱਝ ਦਿਨਾਂ ਵਿਚ ਤਾਪਮਾਨ ਇਸਤੋਂ ਉੱਪਰ ਜਾ ਸਕਦਾ ਹੈ। ਕੇਂਦਰ ਨੇ ਅੰਦਾਜ਼ਾ ਲਾਇਆ ਹੈ ਕਿ ਅਗਲੇ ਦੋ ਦਿਨ ਸ਼ਹਿਰ ਦਾ ਵੱਧ ਤੋਂ ਪਾਰਾ 43 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ।

ਦਿਨ ਦਾ ਹੇਠਲਾ ਤਾਪਮਾਨ 24.1 ਡਿਗਰੀ ਦਰਜ ਹੋਇਆ, ਜੋ ਆਮ ਨਾਲੋਂ 3 ਡਿਗਰੀ ਜ਼ਿਆਦਾ ਰਿਹਾ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਦੋ ਡਿਗਰੀ ਦਾ ਵਾਧਾ ਹੋਵੇਗਾ। ਸ਼ਹਿਰ ਵਾਸੀਆਂ ਨੂੰ ਆਉਣ ਵਾਲੇ ਦਿਨਾਂ ਵਿਚ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਹਾਲਾਂਕਿ ਵਿਭਾਗ ਮੁਤਾਬਕ 2 ਮਈ ਨੂੰ ਇਕ ਵਾਰ ਫਿਰ ਪੱਛਮੀ ਪੌਣਾਂ ਸਰਗਰਮ ਹੋ ਰਹੀਆਂ ਹੈ, ਜਿਸ ਨਾਲ ਟ੍ਰਾਈਸਿਟੀ ਵਿਚ ਹਲਕਾ ਮੀਂਹ ਪੈ ਸਕਦਾ ਹੈ ਪਰ ਤਾਪਮਾਨ ਵਿਚ ਕੋਈ ਖ਼ਾਸ ਫ਼ਰਕ ਨਹੀਂ ਪਵੇਗਾ।
 


Babita

Content Editor

Related News