47 ਡਿਗਰੀ ਪਾਰੇ ਨਾਲ ਝੁਲਸਣ ਲੱਗੇ ਲੋਕ, ''ਲੂ'' ਨੇ ਪ੍ਰਚੰਡ ਗਰਮੀ ਦਾ ਰੂਪ ਧਾਰਿਆ

05/22/2024 12:53:21 PM

ਬਠਿੰਡਾ (ਵਰਮਾ) : ਪੰਜਾਬ ਦੇ ਅਹਿਮ ਸ਼ਹਿਰ ਬਠਿੰਡਾ ਨੂੰ ਹਰ ਸਾਲ ਗਰਮੀ ਦੇ ਮੌਸਮ ’ਚ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਾਲ ਗਰਮੀ ਹੋਰ ਵੀ ਵੱਧ ਗਈ ਹੈ ਅਤੇ ਤਾਪਮਾਨ 47 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਇਸ ਤੇਜ਼ ਗਰਮੀ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਕਈ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਗਰਮੀ ਕਾਰਨ ਲੋਕਾਂ ਦੀ ਸਿਹਤ ’ਤੇ ਡੂੰਘਾ ਅਸਰ ਪੈਂਦਾ ਹੈ। ਲੋਕ ਬਾਹਰ ਕੰਮ ਕਰਨ ਤੋਂ ਪਰਹੇਜ਼ ਕਰਦੇ ਹਨ ਅਤੇ ਬਾਜ਼ਾਰਾਂ 'ਚ ਭੀੜ ਘੱਟ ਜਾਂਦੀ ਹੈ।

ਗਰਮੀ ਦਾ ਅਸਰ ਖੇਤੀ ਸੈਕਟਰ ’ਤੇ ਵੀ ਸਾਫ਼ ਦੇਖਿਆ ਜਾ ਸਕਦਾ ਹੈ। ਫ਼ਸਲਾਂ ਦੀ ਸਿੰਚਾਈ ਦੀ ਮੰਗ ਵੱਧ ਜਾਂਦੀ ਹੈ ਅਤੇ ਪਾਣੀ ਦੀ ਘਾਟ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਬਿਜਲੀ ਦੀ ਮੰਗ ਵੀ ਬਹੁਤ ਵੱਧ ਜਾਂਦੀ ਹੈ। ਏਅਰ ਕੰਡੀਸ਼ਨਰ ਅਤੇ ਕੂਲਰਾਂ ਦੀ ਵਰਤੋਂ ਵੱਧ ਜਾਂਦੀ ਹੈ, ਜਿਸ ਕਾਰਨ ਬਿਜਲੀ ਕੱਟਾਂ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਕਈ ਇਲਾਕਿਆਂ ਵਿਚ ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗਰਮੀ ਦੀ ਇਸ ਲਹਿਰ ਨਾਲ ਨਜਿੱਠਣ ਲਈ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਪਾਣੀ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਹੋਰ ਉਪਰਾਲੇ ਕੀਤੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਗਰਮੀ ਤੋਂ ਬਚਣ ਦੇ ਉਪਾਅ ਸਮਝ ਸਕਣ। ਇਸ ਤੋਂ ਇਲਾਵਾ, ਵਾਤਾਵਰਣ ਸੁਰੱਖਿਆ ਉਪਾਅ ਵੀ ਮਹੱਤਵਪੂਰਨ ਹਨ। ਵੱਧ ਤੋਂ ਵੱਧ ਰੁੱਖ ਲਗਾ ਕੇ ਅਤੇ ਪਾਣੀ ਦੀ ਸੰਭਾਲ ਦੇ ਉਪਾਅ ਅਪਣਾ ਕੇ ਇਸ ਕਿਸਮ ਦੀ ਸਥਿਤੀ ਨੂੰ ਕਾਫੀ ਹੱਦ ਤਕ ਕਾਬੂ ਕੀਤਾ ਜਾ ਸਕਦਾ ਹੈ।


Babita

Content Editor

Related News