ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਗੰਭੀਰ, ਸਿਹਤ ਮੰਤਰੀ ਜੌੜਾਮਾਜਰਾ ਨੇ ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼

Friday, Dec 23, 2022 - 08:14 PM (IST)

ਚੰਡੀਗੜ੍ਹ : ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਕੋਰੋਨਾ ਦੇ ਨਵੇਂ ਵੇਰੀਐਂਟ ਨਾਲ ਨਜਿੱਠਣ ਲਈ ਤਿਆਰੀਆਂ ਕਰ ਰਿਹਾ ਹੈ। ਜੌੜਾਮਾਜਰਾ ਭਾਰਤ ਸਰਕਾਰ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਦੀ ਪ੍ਰਧਾਨਗੀ ਹੇਠ ਕੋਰੋਨਾ ਸਬੰਧੀ ਸੈਂਸੀਟਾਈਜੇਸ਼ਨ ਵਰਕਸ਼ਾਪ ਵਿੱਚ ਸ਼ਾਮਿਲ ਹੋਏ ਸਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਵੱਲੋਂ ਕੋਵਿਡ ਦੀ ਰੋਕਥਾਮ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵੱਲੋਂ 22 ਦਸੰਬਰ, 2022 ਨੂੰ ਸਮੂਹ ਅਫ਼ਸਰਾਂ ਨਾਲ ਮੀਟਿੰਗ ਕੀਤੀ ਹੈ ਤੇ ਉਨ੍ਹਾਂ ਨੂੰ ਕੋਰੋਨਾ ਨਾਲ ਨਜਿੱਠਣ ਲਈ ਸਖਤ ਨਿਰਦੇਸ਼ ਦਿੱਤੇ ਗਏ ਹਨ।

ਚੇਤਨ ਸਿੰਘ ਜੌੜਾਮਾਜਰਾ ਨੇ ਸਿਹਤ ਅਮਲੇ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਉਹ ਆਪਣੀ ਜ਼ਿੰਮੇਦਾਰੀ ਸਮਝਦੇ ਹੋਏ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਜਾਗਰੂਕ ਕਰਨ ਤਾਂ ਜੋ ਲੋਕਾਂ ਨੂੰ ਕੋਰੋਨਾ ਹੋਣ ਦੀ ਮੁਸੀਬਤ ਦਾ ਸਾਹਮਣਾ ਹੀ ਨਾ ਕਰਨਾ ਪਏ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਬੈੱਡਾਂ, ਟੈਸਟਾਂ ਤੇ ਹੋਰ ਜ਼ਰੂਰੀ ਇੰਤਜਾਮ ਕੀਤੇ ਜਾ ਰਹੇ ਹਨ।

PunjabKesari

ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਹਰ ਮਹੀਨੇ ਮੌਕ ਡਰਿੱਲ ਕਰਵਾਈ ਜਾਂਦੀ ਹੈ ਤਾਂ ਜੋ ਪਤਾ ਚੱਲਦਾ ਰਹੇ ਕਿ ਪਲਾਂਟ ਸਹੀ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਨੇ ਕੋਰੋਨਾ ਟੀਕਾਕਰਨ ਦੀ ਮੰਗ ਕੀਤੀ ਹੋਈ ਹੈ, ਜਿਸ ਨੂੰ ਭਾਰਤ ਸਰਕਾਰ ਵੱਲੋਂ ਜਲਦ ਤੋਂ ਜਲਦ ਉਪਲਬੱਧ ਕਰਵਾਉਣ ਦੀ ਉਮੀਦ ਜਤਾਈ।  ਇਸ ਮੌਕੇ ਤੇ ਸਕੱਤਰ ਸਿਹਤ ਸ਼੍ਰੀ ਅਜੋਏ ਸ਼ਰਮਾ, ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਡਾ. ਅਭਿਨਵ ਤ੍ਰਿਖਾ, ਡਾਇਰੈਕਟਰ ਹੈਲਥ ਸਰਵਿਸਸ ਡਾ. ਰਣਜੀਤ ਸਿੰਘ, ਸਟੇਟ ਪ੍ਰੋਗਰਾਮ ਅਫ਼ਸਰ ਕੋਰੋਨਾ ਡਾ. ਰਾਜੇਸ਼ ਭਾਸਕਰ ਤੇ ਹੋਰ ਅਧਿਕਾਰੀ ਮੌਜੂਦ ਸਨ।


Mandeep Singh

Content Editor

Related News